ਸੂਬੇ ’ਚ ਭਲਕ ਤੋਂ ਸਾਂਝੀਆਂ ਜ਼ਮੀਨਾਂ ਦੀ ਸਹਿਮਤੀ ਨਾਲ ਵੰਡ ਤੇ ਇੰਤਕਾਲਾਂ ਦੀ ਸ਼ੁਰੂਆਤ ਹੋਵੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ਜਨਤਕ ਸਮਾਗਮ ਦੌਰਾਨ ਬੀਤੀ ਚਾਰ ਅਪਰੈਲ ਨੂੰ ਵਿਸਾਖੀ ਤੋਂ ਮੁੱਖ ਮੰਤਰੀ ਸਕੀਮ 30 ਦਿਨ’ਚ ਜ਼ਮੀਨ ਦੀ ਤਕਸੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਉਨ੍ਹਾਂ ਮਾਲ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਐਲਾਨੀ ਸਕੀਮ ਤਹਿਤ ਸਹਿਮਤੀ ਨਾਲ ਜ਼ਮੀਨ ਦੀ ਵੰਡ ਦੇ ਇੰਤਕਾਲ 30 ਦਿਨਾਂ ਅੰਦਰ ਨਿਬੇੜਨ ਲਈ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕਾਂ ਵੱਲੋਂ ਆਪਣੀ ਜ਼ਮੀਨ ਦੀ ਪਰਿਵਾਰਕ ਵੰਡ ਕਰ ਲਈ ਜਾਂਦੀ ਹੈ, ਪਰ ਸਮੇਂ ਸਿਰ ਇਸ ਸਬੰਧੀ ਇੰਤਕਾਲ ਨਾ ਹੋਣ ਕਾਰਨ ਬਾਅਦ ਵਿੱਚ ਪਰਿਵਾਰਕ ਝਗੜੇ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ 13 ਅਪਰੈਲ ਤੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਰਿਵਾਰਕ ਸਮਝੌਤਿਆਂ ਦੇ ਅਧਾਰ ’ਤੇ ਜ਼ਮੀਨ ਦੀ ਵੰਡ ਸਬੰਧੀ ਇੰਤਕਾਲ ਦਰਜ ਕਰਕੇ ਪ੍ਰਵਾਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਸਕੀਮ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਧਿਰਾਂ ਵੱਲੋਂ ਦਸਤਖ਼ਤ ਕੀਤਾ ਵੰਡ ਦਾ ਨਕਸ਼ਾ ਪ੍ਰਾਪਤ ਹੁੰਦਾ ਹੈ ਤਾਂ ਪਟਵਾਰੀ ਵੱਲੋਂ ਤੁਰੰਤ ਇਸ ਦੇ ਅਧਾਰ ’ਤੇ ਇੰਤਕਾਲ ਦਰਜ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਸਕੀਮ ਦੇ ਕੰਮ ਦੀ ਨਿੱਜੀ ਤੌਰ ’ਤੇ ਹਫਤਾਵਰੀ ਨਿਗਰਾਨੀ ਕਰਨਗੇ। ਇਸ ਦੇ ਨਾਲ ਹੀ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇਗੀ ਤਾਂ ਜੋ ਆਪਣੇ ਜ਼ਿਲ੍ਹੇ ਦੇ ਵਿੱਚ ਪਰਿਵਾਰਕ ਵੰਡਾਂ ਸਬੰਧੀ ਵੱਧ ਤੋਂ ਵੱਧ ਇੰਤਕਾਲ ਪ੍ਰਵਾਨ ਕਰਵਾਏ ਜਾਣ।
ਉਨ੍ਹਾਂ ਇਹ ਵੀ ਕਿਹਾ ਕਿ ਹਰ ਪਟਵਾਰੀ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਪਿੰਡ ਵਿੱਚ ਸਰਕਾਰ ਦੀ ਇਸ ਸਕੀਮ ਸਬੰਧੀ ਮੁਨਾਦੀ ਕਰਵਾਈ ਜਾਵੇ। ਉਸ ਵੱਲੋਂ ਇਸ ਸਬੰਧੀ ਪਿੰਡ ਵਿੱਚ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਲਿੰਕ ਵੀ ਜਾਰੀ ਕੀਤਾ ਗਿਆ ਹੈ। ਜਿਹੜੀਆਂ ਅਰਜ਼ੀਆਂ ਪਟਵਾਰੀਆਂ ਨੂੰ ਸਿੱਧੇ ਪ੍ਰਾਪਤ ਹੁੰਦੀਆਂ ਹਨ, ਉਨਾਂ ਵੱਲੋਂ ਉਹ ਵੀ ਪੋਰਟਲ ’ਤੇ ਦਰਜ ਕਰਨੀਆਂ ਯਕੀਨੀ ਬਣਾਏ ਜਾਣ ਦੀਆਂ ਹਦਾਇਤਾਂ ਦਿੱਤੀਆਂ ਹਨ।






