ਮਹਾਰਾਸ਼ਟਰ ਦੇ ਠਾਣੇ ਵਿੱਚ ਅੱਜ ਸੜਕ ਹਾਦਸੇ ਵਿਚ 11 ਜਣੇ ਹਲਾਕ ਹੋ ਗਏ। ਇਹ ਹਾਦਸਾ ਮਰਬਾੜ ਦੇ ਗੋਵਿਲੀ ਪਿੰਡ ਕੋਲ ਰੈਤਾ ਪੁਲ ’ਤੇ ਵਾਪਰਿਆ। ਪੁਲੀਸ ਮੁਤਾਬਕ ਇੱਕ ਵੈਨ ਸਵਾਰੀਆਂ ਨੂੰ ਲੈ ਕੇ ਕਲਿਆਣ ਤੋਂ ਮਰਬਾੜ ਜਾ ਰਹੀ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਸੀਮੈਂਟ ਮਿਕਸਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਵੈਨ ਵਿੱਚ ਸਵਾਰ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਦਾ ਇਲਾਜ ਉਲਹਾਸਨਗਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਮਰਨ ਵਾਲਿਆਂ ਵਿੱਚ 8 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਹੁਣ ਤੱਕ ਪੁਲੀਸ ਨੇ 6 ਮ੍ਰਿਤਕਾਂ ਦੀ ਪਛਾਣ ਕਰ ਲਈ ਹੈ ਅਤੇ ਬਾਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਵੈਨ ਰੋਜ਼ਾਨਾ ਦੀ ਤਰ੍ਹਾਂ ਕਲਿਆਣ ਤੋਂ ਮਰਬਾੜ ਵਿਚਕਾਰ ਚੱਲਦੀ ਸੀ ਅਤੇ ਹਾਦਸੇ ਵੇਲੇ ਇਸ ਵਿੱਚ ਡਰਾਈਵਰ ਸਮੇਤ 12 ਤੋਂ 13 ਲੋਕ ਸਵਾਰ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਦੀ ਰਫ਼ਤਾਰ ਬਹੁਤ ਤੇਜ਼ ਸੀ ਜਿਸ ਕਾਰਨ ਵੈਨ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਹਾਦਸੇ ਵਾਲੀ ਥਾਂ ‘ਤੇ ਹੀ 9 ਲੋਕਾਂ ਨੇ ਦਮ ਤੋੜ ਦਿੱਤਾ ਸੀ, ਜਦਕਿ 2 ਹੋਰਾਂ ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਹੋ ਗਈ। ਫਿਲਹਾਲ ਜ਼ਖਮੀਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।






