ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ 2029 ਤੱਕ 33 ਫੀਸਦੀ ਮਹਿਲਾ ਰਾਖਵਾਂਕਰਨ ਲਾਗੂ ਕਰਨ ਲਈ ਕੀਤੀ ਜਾਣ ਵਾਲੀ ਹਲਕਾਬੰਦੀ ਤੋਂ ਬਾਅਦ ਸਾਰੇ ਪੰਜ ਦੱਖਣੀ ਰਾਜਾਂ ਦੀਆਂ ਲੋਕ ਸਭਾ ਸੀਟਾਂ ਵਿੱਚ ਵਾਧਾ ਹੋਵੇਗਾ। ਵੀਰਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲਾਂ ’ਤੇ ਬਹਿਸ ਵਿੱਚ ਦਖਲ ਦਿੰਦਿਆਂ ਸ਼ਾਹ ਨੇ ਕਿਹਾ ਕਿ 543 ਮੈਂਬਰਾਂ ਵਾਲੀ ਮੌਜੂਦਾ ਲੋਕ ਸਭਾ ਵਿੱਚ ਪੰਜ ਦੱਖਣੀ ਰਾਜਾਂ ਦੇ 129 ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ 23.7 ਫੀਸਦੀ ਹੈ।
ਸ਼ਾਹ ਨੇ ਕਿਹਾ, “ਪ੍ਰਸਤਾਵਿਤ ਹਲਕਾਬੰਦੀ ਤੋਂ ਬਾਅਦ ਇਨ੍ਹਾਂ ਰਾਜਾਂ ਦੇ 195 ਸੰਸਦ ਮੈਂਬਰ ਹੋਣਗੇ ਅਤੇ ਪ੍ਰਤੀਨਿਧਤਾ 24 ਫੀਸਦੀ ਹੋ ਜਾਵੇਗੀ। ਇਸ ਲਈ ਉਹ ਕੋਈ ਸੀਟ ਨਹੀਂ ਗੁਆਉਣਗੇ, ਸਗੋਂ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇੱਕ ਗਲਤ ਬਿਰਤਾਂਤ (ਨਰੇਟਿਵ) ਘੜਿਆ ਜਾ ਰਿਹਾ ਹੈ ਕਿ ਦੱਖਣੀ ਰਾਜ ਲੋਕ ਸਭਾ ਵਿੱਚ ਆਪਣੀ ਤਾਕਤ ਗੁਆ ਦੇਣਗੇ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ, ਜੋ ਕਿ ਸੱਚ ਨਹੀਂ ਹੈ।”
ਉਨ੍ਹਾਂ ਨੇ ਬਿੱਲਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ 543 ਸੰਸਦ ਮੈਂਬਰਾਂ ਵਾਲੇ ਸਦਨ ਵਿੱਚ ਕਰਨਾਟਕ ਦੀਆਂ 28 ਸੀਟਾਂ ਹਨ, ਜੋ ਸਦਨ ਦੀ ਕੁੱਲ ਸਮਰੱਥਾ ਦਾ 5.15 ਫੀਸਦੀ ਹੈ। ਉਨ੍ਹਾਂ ਕਿਹਾ, “ਅੱਜ ਪੇਸ਼ ਕੀਤੇ ਗਏ ਬਿੱਲਾਂ ਤੋਂ ਬਾਅਦ, 815 ਸੰਸਦ ਮੈਂਬਰਾਂ ਵਾਲੇ ਸਦਨ ਵਿੱਚ ਕਰਨਾਟਕ ਦੀਆਂ 42 ਸੀਟਾਂ ਹੋਣਗੀਆਂ ਅਤੇ ਹਿੱਸੇਦਾਰੀ 5.14 ਫੀਸਦੀ ਰਹੇਗੀ। ਇਸ ਲਈ ਕਰਨਾਟਕ ਨੂੰ ਕੋਈ ਨੁਕਸਾਨ ਨਹੀਂ ਹੈ। ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਅਤੇ 4.60 ਫੀਸਦੀ ਪ੍ਰਤੀਨਿਧਤਾ ਹੈ। ਇਹ 50 ਫੀਸਦੀ ਵਧ ਕੇ 38 ਸੀਟਾਂ ਹੋ ਜਾਵੇਗੀ ਅਤੇ ਲੋਕ ਸਭਾ ਵਿੱਚ ਹਿੱਸਾ 4.65 ਫੀਸਦੀ ਹੋ ਜਾਵੇਗਾ। ਤਿਲੰਗਾਨਾ ਦੀਆਂ 17 ਸੀਟਾਂ ਅਤੇ ਸਦਨ ਵਿੱਚ 3.13 ਫੀਸਦੀ ਹਿੱਸਾ ਹੈ। ਮੌਜੂਦਾ ਸੀਟਾਂ ’ਤੇ 50 ਫੀਸਦੀ ਵਾਧੇ ਤੋਂ ਬਾਅਦ, ਤਿਲੰਗਾਨਾ ਦੇ 26 ਸੰਸਦ ਮੈਂਬਰ ਹੋਣਗੇ ਅਤੇ ਪ੍ਰਤੀਨਿਧਤਾ 3.18 ਫੀਸਦੀ ਹੋਵੇਗੀ।”
ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਤਾਕਤ ਵੀ 49 ਸੰਸਦ ਮੈਂਬਰਾਂ ਅਤੇ 7.18 ਫੀਸਦੀ ਹਿੱਸੇ ਤੋਂ ਵਧ ਕੇ 59 ਸੰਸਦ ਮੈਂਬਰ ਅਤੇ 7.23 ਫੀਸਦੀ ਪ੍ਰਤੀਨਿਧਤਾ ਹੋ ਜਾਵੇਗੀ। ਗ੍ਰਹਿ ਮੰਤਰੀ ਨੇ ਦੱਖਣੀ ਭਾਰਤ ਨੂੰ ਨੁਕਸਾਨ ਹੋਣ ਵਾਲੇ ਬਿਰਤਾਂਤ ਨੂੰ ਖਾਰਜ ਕਰਦਿਆਂ ਕਿਹਾ, “ਕੇਰਲ ਦੇ ਮੌਜੂਦਾ ਲੋਕ ਸਭਾ ਵਿੱਚ 20 ਸੰਸਦ ਮੈਂਬਰ ਅਤੇ 3.68 ਫੀਸਦੀ ਤਾਕਤ ਹੈ। ਹਲਕਾਬੰਦੀ ਤੋਂ ਬਾਅਦ ਇਸ ਦੇ 30 ਸੰਸਦ ਮੈਂਬਰ ਅਤੇ 3.67 ਫੀਸਦੀ ਤਾਕਤ ਹੋਵੇਗੀ।”
ਉਨ੍ਹਾਂ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ, “ਲੋਕ ਸਭਾ ਵਿੱਚ ਹਰੇਕ ਰਾਜ ਲਈ 50 ਫੀਸਦੀ ਸੀਟਾਂ ਵਧਣ ਤੋਂ ਬਾਅਦ ਉਨ੍ਹਾਂ ਦੀ ਤਾਕਤ ਘਟੇਗੀ ਨਹੀਂ ਬਲਕਿ ਵਧੇਗੀ। ਮੈਂ ਭਲਕੇ ਬਿੱਲਾਂ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਵਿੱਚ ਦੱਸਾਂਗਾ, ਜਿਸ ਨੂੰ ਕੇਜੀ (KG) ਦਾ ਵਿਦਿਆਰਥੀ ਵੀ ਸਮਝ ਜਾਵੇਗਾ।” ਸ਼ਾਹ ਨੇ ਵਿਰੋਧੀ ਧਿਰ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਸਰਕਾਰ ਜਾਤੀ ਅਧਾਰਤ ਮਰਦਮਸ਼ੁਮਾਰੀ ਨਹੀਂ ਕਰਵਾਉਣਾ ਚਾਹੁੰਦੀ।
ਗ੍ਰਹਿ ਮੰਤਰੀ ਨੇ ਕਿਹਾ, ‘‘ਕੈਬਨਿਟ ਨੇ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਕੀਤਾ ਹੈ। ਉਹ ਹੋਵੇਗੀ। ਇੱਕ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਮਰਦਮਸ਼ੁਮਾਰੀ ਫਾਰਮ ਵਿੱਚ ਜਾਤ ਦਾ ਕੋਈ ਕਾਲਮ ਨਹੀਂ ਹੈ। ਇਸ ਵੇਲੇ ਇਮਾਰਤਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਇਮਾਰਤਾਂ ਦੀਆਂ ਜਾਤਾਂ ਨਹੀਂ ਹੁੰਦੀਆਂ। ਜਦੋਂ ਵਿਅਕਤੀਆਂ ਦੀ ਗਿਣਤੀ ਕੀਤੀ ਜਾਵੇਗੀ, ਤਾਂ ਉਨ੍ਹਾਂ ਦੀ ਜਾਤ ਪੁੱਛੀ ਜਾਵੇਗੀ।”
ਉਨ੍ਹਾਂ ਕਿਹਾ ਕਿ 850 ਸੰਸਦ ਮੈਂਬਰਾਂ ਦੀ ਸੰਖਿਆ ਇਸ ਲਈ ਤੈਅ ਕੀਤੀ ਗਈ ਹੈ ਕਿਉਂਕਿ ਇੱਕ ਵਾਰ ਜਦੋਂ ਇਸ ਦਾ 33 ਫੀਸਦੀ ਔਰਤਾਂ ਲਈ ਰਾਖਵਾਂ ਹੋ ਜਾਵੇਗਾ – ਜੋ ਕਿ 543 ਸੀਟਾਂ ਬਣਦੀਆਂ ਹਨ – ਤਾਂ ਮੌਜੂਦਾ ਲੋਕ ਸਭਾ ਦੀ ਸਮਰੱਥਾ ਜਨਰਲ ਕੈਟਾਗਰੀ ਵਿੱਚ ਰਹੇਗੀ, ਜਿੱਥੋਂ ਔਰਤਾਂ ਚੋਣ ਲੜਨ ਲਈ ਸੁਤੰਤਰ ਹੋਣਗੀਆਂ।






