ਹੈਦਰਾਬਾਦ ਪੁਲੀਸ ਨੇ ਜੇਠਾਣੀ ਦੇ ਚਾਰ ਸਾਲ ਦੇ ਪੁੱਤਰ ਨੂੰ ਤੇਜ਼ਾਬ ਪਿਲਾਉਣ ਦੇ ਦੋਸ਼ ਹੇਠ ਦਰਾਣੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਢਲੀ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਉਸ ਨੂੰ ਇਸ ਗੱਲ ਤੋਂ ਰੋਸ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੇ ਆਪਣੇ ਬੱਚੇ ਨਾਲੋਂ ਦੂਜੇ ਬੱਚੇ ਨੂੰ ਜ਼ਿਆਦਾ ਪਿਆਰ ਅਤੇ ਅਹਿਮੀਅਤ ਦਿੰਦੇ ਸਨ।
ਪੁਲੀਸ ਅਨੁਸਾਰ ਇਹ ਔਰਤ ਅਤੇ ਬੱਚੇ ਦੀ ਮਾਂ ਦੋਵੇਂ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਹਨ ਅਤੇ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੀਆਂ ਹਨ। ਬੱਚੇ ਦੀ ਮਾਂ ਨੇ ਬੁੱਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਕਿ 9 ਅਪਰੈਲ ਨੂੰ ਉਸ ਦੀ ਦਰਾਣੀ ਨੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਮਨਸ਼ਾ ਨਾਲ ਰਸੋਈ ਵਿੱਚ ਬੁਲਾਇਆ ਅਤੇ ਜੂਸ ਪਿਲਾਉਣ ਦੇ ਬਹਾਨੇ ਉਸ ਨੂੰ ਤੇਜ਼ਾਬ ਪਿਲਾ ਦਿੱਤਾ।
ਉਸ ਨੇ ਬੱਚੇ ਨੂੰ ਲਾਲਚ ਦਿੱਤਾ ਸੀ ਕਿ ਜੇਕਰ ਉਹ ਇਹ ਜੂਸ ਪੀ ਲਵੇਗਾ ਤਾਂ ਉਸ ਨੂੰ ਚਾਕਲੇਟ ਦਿੱਤੀ ਜਾਵੇਗੀ। ਤੇਜ਼ਾਬ ਪੀਣ ਤੋਂ ਬਾਅਦ ਬੱਚੇ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਾਲਾਂਕਿ ਇਲਾਜ ਤੋਂ ਬਾਅਦ ਹੁਣ ਉਸ ਨੂੰ ਛੁੱਟੀ ਮਿਲ ਗਈ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਔਰਤ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਦਾਦਾ-ਦਾਦੀ ਉਸ ਦੇ ਪੁੱਤਰ ਦੇ ਮੁਕਾਬਲੇ ਦੂਜੇ ਬੱਚੇ ਦਾ ਜ਼ਿਆਦਾ ਖਿਆਲ ਰੱਖਦੇ ਸਨ। ਹਾਲ ਹੀ ਵਿੱਚ ਬੱਚੇ ਦੇ ਦਾਦੇ ਨੇ ਆਪਣੇ ਪੋਤੇ ਦੇ ਨਾਮ ਦਾ ਟੈਟੂ ਵੀ ਬਣਵਾਇਆ ਸੀ ਜਿਸ ਕਾਰਨ ਉਸ ਦਾ ਗੁੱਸਾ ਹੋਰ ਵੱਧ ਗਿਆ।
ਮੇਡੀਪੱਲੀ ਪੁਲੀਸ ਸਟੇਸ਼ਨ ਵਿਚ ਇਸ ਔਰਤ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।






