ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ ਹੈ। ਹਾਲਾਂਕਿ ਰਾਤ ਦਾ ਤਾਪਮਾਨ 18.6 ਡਿਗਰੀ ਰਿਹਾ ਜਿਸ ਨਾਲ ਕੁਝ ਰਾਹਤ ਮਿਲੀ ਪਰ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਵੀਰਵਾਰ ਤੱਕ ਪਾਰਾ 41 ਡਿਗਰੀ ਤੱਕ ਪਹੁੰਚ ਜਾਵੇਗਾ। ਭਾਰਤੀ ਮੌਸਮ ਵਿਭਾਗ (IMD) ਨੇ ਪਹਿਲਾਂ ਮੰਗਲਵਾਰ ਤੋਂ ਹੀਟਵੇਵ (ਲੂ) ਅਤੇ ਗਰਮ ਰਾਤਾਂ ਦੀ ਪੇਸ਼ੀਨਗੋਈ ਕੀਤੀ ਸੀ ਪਰ ਬਾਅਦ ਵਿਚ ਕਿਹਾ ਕਿ ਇਹ ਗਰਮ ਹਵਾਵਾਂ ਸੋਮਵਾਰ ਮਤਲਬ ਅੱਜ ਹੀ ਚੱਲਣਗੀਆਂ ਤੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ।
ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦਾ ਹੋਰ ਵਾਧਾ ਹੋ ਸਕਦਾ ਹੈ।
ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਸੋਮਵਾਰ ਨੂੰ ਮੌਸਮ ਖੁਸ਼ਕ ਰਿਹਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਰਿਹਾ, ਜੋ ਆਮ ਨਾਲੋਂ 2.8 ਡਿਗਰੀ ਜ਼ਿਆਦਾ ਹੈ। ਹਾਲਾਂਕਿ ਰਾਤ ਦਾ ਤਾਪਮਾਨ 18.6 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2.7 ਡਿਗਰੀ ਘੱਟ ਸੀ, ਪਰ ਮੌਸਮ ਵਿਭਾਗ ਮੁਤਾਬਕ ਇਹ ਰਾਹਤ ਜ਼ਿਆਦਾ ਦੇਰ ਨਹੀਂ ਟਿਕੇਗੀ। ਹਵਾ ਵਿੱਚ ਨਮੀ ਦਾ ਪੱਧਰ ਸਵੇਰੇ 73 ਫੀਸਦੀ ਤੋਂ ਡਿੱਗ ਕੇ ਦੁਪਹਿਰ ਤੱਕ ਸਿਰਫ 19 ਫੀਸਦੀ ਰਹਿ ਗਿਆ, ਜੋ ਇਸ ਸੀਜ਼ਨ ਦੀ ਸਭ ਤੋਂ ਵੱਡੀ ਗਿਰਾਵਟ ਹੈ ਅਤੇ ਵਧਦੀ ਖੁਸ਼ਕੀ ਦਾ ਸੰਕੇਤ ਹੈ।
ਪੰਜਾਬ ਅਤੇ ਹਰਿਆਣਾ ਲੂ (Heatwave) ਦੀ ਲਪੇਟ ਵਿੱਚ
ਹਰਿਆਣਾ: ਰੋਹਤਕ ਵਿੱਚ 42.3 ਡਿਗਰੀ ਅਤੇ ਕਰਨਾਲ ਵਿੱਚ 40.7 ਡਿਗਰੀ ਨਾਲ ਹੀਟਵੇਵ ਦਰਜ ਕੀਤੀ ਗਈ। ਸੋਮਵਾਰ ਨੂੰ ਨਾਰਨੌਲ 42 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ, ਇਸ ਤੋਂ ਬਾਅਦ ਰੋਹਤਕ ਵਿਚ ਤਾਪਮਾਨ 41.6, ਸਿਰਸਾ 40.6 ਅਤੇ ਗੁਰੂਗ੍ਰਾਮ 40.5 ਦਰਜ ਕੀਤਾ ਗਿਆ।
ਪੰਜਾਬ: ਬਠਿੰਡਾ 41.3 ਡਿਗਰੀ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ। ਪਟਿਆਲਾ ਵਿੱਚ 39.8 ਅਤੇ ਲੁਧਿਆਣਾ ਵਿੱਚ 39.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 3 ਤੋਂ 4.5 ਡਿਗਰੀ ਜ਼ਿਆਦਾ ਚੱਲ ਰਿਹਾ ਹੈ।
ਟ੍ਰਾਈਸਿਟੀ (ਚੰਡੀਗੜ੍ਹ) ਲਈ 5 ਦਿਨਾਂ ਦੀ ਪੇਸ਼ੀਨਗੋਈ
ਮੰਗਲਵਾਰ ਅਤੇ ਬੁੱਧਵਾਰ: ਅਸਮਾਨ ਸਾਫ਼ ਰਹੇਗਾ, ਤਾਪਮਾਨ 38 ਤੋਂ 39 ਡਿਗਰੀ ਤੱਕ ਜਾਵੇਗਾ।
ਵੀਰਵਾਰ: ਹਲਕੇ ਬੱਦਲ ਛਾ ਸਕਦੇ ਹਨ ਪਰ ਪਾਰਾ 40 ਡਿਗਰੀ ਤੱਕ ਪਹੁੰਚ ਜਾਵੇਗਾ।
ਸ਼ੁੱਕਰਵਾਰ: ਇਹ ਦਿਨ ਸਭ ਤੋਂ ਗਰਮ ਹੋ ਸਕਦਾ ਹੈ, ਜਿੱਥੇ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਰਾਤਾਂ ਦਾ ਤਾਪਮਾਨ ਵੀ ਵਧ ਕੇ 23 ਡਿਗਰੀ ਤੱਕ ਪਹੁੰਚ ਜਾਵੇਗਾ।
ਮੌਸਮ ਵਿਭਾਗ ਦੀ ਸਲਾਹ (Advisory)
ਯੈਲੋ ਅਲਰਟ ਦਾ ਮਤਲਬ: ਇਸ ਦਾ ਅਰਥ ਹੈ ਕਿ ਗਰਮੀ ਆਮ ਲੋਕਾਂ ਲਈ ਸਹਿਣਯੋਗ ਹੈ ਪਰ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਸਿਹਤ ਦਾ ਖਤਰਾ ਪੈਦਾ ਕਰ ਸਕਦੀ ਹੈ।
ਆਮ ਲੋਕਾਂ ਲਈ: ਧੁੱਪ ਵਿੱਚ ਜ਼ਿਆਦਾ ਦੇਰ ਰਹਿਣ ਤੋਂ ਬਚੋ, ਖਾਸ ਕਰਕੇ ਦੁਪਹਿਰ ਵੇਲੇ। ਵੱਧ ਤੋਂ ਵੱਧ ਪਾਣੀ ਪੀਓ, ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ ਅਤੇ ਬਾਹਰ ਨਿਕਲਣ ਵੇਲੇ ਸਿਰ ਨੂੰ ਕੱਪੜੇ, ਟੋਪੀ ਜਾਂ ਛਤਰੀ ਨਾਲ ਢੱਕ ਕੇ ਰੱਖੋ।
ਕਿਸਾਨਾਂ ਲਈ: ਫਸਲਾਂ ਨੂੰ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਸਿਰਫ ਸ਼ਾਮ ਜਾਂ ਸਵੇਰੇ ਵੇਲੇ ਹੀ ਸਿੰਚਾਈ ਕਰੋ।






