ਇਟਲੀ ਦੇ ਬੇਰਗਾਮੋ ਸੂਬੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਟਾਰਗੇਟਿਡ ਹਮਲੇ ਵਿੱਚ ਪੰਜਾਬੀ ਮੂਲ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਅਤੇ ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਰਾਜਿੰਦਰ ਸਿੰਘ (48), ਵਾਸੀ ਕੋਵੋ ਅਤੇ ਗੁਰਮੀਤ ਸਿੰਘ (48), ਵਾਸੀ ਅਗਨਾਡੇਲੋ ਵਜੋਂ ਹੋਈ ਹੈ। ਇਹ ਘਟਨਾ 17 ਅਪਰੈਲ ਦੀ ਦੇਰ ਰਾਤ ਵਾਪਰੀ ਜਦੋਂ ਉਹ ਕੋਵੋ ਸ਼ਹਿਰ ਵਿੱਚ ਸਥਿਤ ਇੱਕ ਗੋਦਾਮ (ਜਿਸ ਨੂੰ ਸਿੱਖ ਪ੍ਰਾਰਥਨਾ ਸਥਾਨ ਵਜੋਂ ਵਰਤਿਆ ਜਾ ਰਿਹਾ ਸੀ) ਤੋਂ ਬਾਹਰ ਨਿਕਲ ਰਹੇ ਸਨ। ਦੋਵੇਂ ਮ੍ਰਿਤਕ ਤਿੰਨ-ਤਿੰਨ ਬੱਚਿਆਂ ਦੇ ਪਿਤਾ ਸਨ।
ਚਸ਼ਮਦੀਦਾਂ ਮੁਤਾਬਕ ਚਾਰ ਸ਼ੱਕੀ ਦੋ ਕਾਰਾਂ ਵਿੱਚ ਆਏ ਅਤੇ ਰਾਤ ਕਰੀਬ 11:50 ਵਜੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਥਾਨ ਤੋਂ ਗੋਲੀਆਂ ਦੇ ਲਗਪਗ 10 ਖੋਲ ਬਰਾਮਦ ਕੀਤੇ ਗਏ ਹਨ। ਗਵਾਹਾਂ ਨੇ ਦੱਸਿਆ ਕਿ ਬਹੁਤ ਨੇੜਿਓਂ ਕਈ ਗੋਲੀਆਂ ਚਲਾਈਆਂ ਗਈਆਂ, ਜੋ ਪੀੜਤਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੱਗੀਆਂ। ਇਸ ਹਮਲੇ ਦੌਰਾਨ ਇੱਕ ਤੀਜਾ ਵਿਅਕਤੀ ਵੀ ਮਾਮੂਲੀ ਜ਼ਖਮੀ ਹੋਇਆ ਹੈ।
ਪੀ.ਟੀ.ਆਈ. ਦੀ ਰਿਪੋਰਟ ਅਨੁਸਾਰ, “ਇੱਕ ਗਵਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਿਸ਼ਾਨੇਬਾਜ਼ ‘ਇੱਕ ਭਾਰਤੀ’ ਸੀ ਜੋ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਸੀ।”
ਵਾਰਦਾਤ ਤੋਂ ਬਾਅਦ ਹਮਲਾਵਰ ਆਪਣੀਆਂ ਗੱਡੀਆਂ ਵਿੱਚ ਫ਼ਰਾਰ ਹੋ ਗਏ। ਜਦੋਂ ਤੱਕ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਮੁਢਲੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਮੁੱਖ ਸ਼ੂਟਰ, ਜੋ ਕਿ ਭਾਰਤੀ ਮੂਲ ਦਾ ਹੈ ਅਤੇ ਉਸ ਦੇ ਸਾਥੀ ਗੁਰਦੁਆਰਾ ਸਾਹਿਬ ਵਿੱਚ ਆਉਂਦੇ-ਜਾਂਦੇ ਰਹਿੰਦੇ ਸਨ। ਪੁਲੀਸ ਧਾਰਮਿਕ ਸਥਾਨ ਦੇ ਪ੍ਰਬੰਧਨ ਨਾਲ ਸਬੰਧਤ ਵਿਵਾਦਾਂ ਸਮੇਤ ਹੋਰ ਸੰਭਵ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਇਟਾਲੀਅਨ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ੱਕੀਆਂ ਦੇ ਨਾਮ ਅਤੇ ਵਾਹਨਾਂ ਦੇ ਵੇਰਵੇ ਇਕੱਠੇ ਕਰ ਲਏ ਹਨ ਅਤੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਸ਼ੱਕੀ ਸਾਥੀਆਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦਾ ਸਾਬਕਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਇਹ ਘਟਨਾ ਵਿਸਾਖੀ ਦੇ ਜਸ਼ਨਾਂ ਤੋਂ ਠੀਕ ਪਹਿਲਾਂ ਵਾਪਰੀ, ਜਿਸ ਕਾਰਨ ਹੱਤਿਆਵਾਂ ਤੋਂ ਬਾਅਦ ਸਮਾਗਮ ਰੱਦ ਕਰ ਦਿੱਤੇ ਗਏ ਹਨ।






