Kartik Vasudev Murder: ਟੋਰਾਂਟੋ ਦੀ ਇੱਕ ਅਦਾਲਤ ਨੇ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਦੋਸ਼ੀ ਦੀ ਮਾਨਸਿਕ ਵਿਗਾੜ ਕਾਰਨ ਅਪਰਾਧਿਕ ਤੌਰ ‘ਤੇ ਜ਼ਿੰਮੇਵਾਰ ਨਾ ਹੋਣ ਦੀ ਦਲੀਲ ਨੂੰ ਰੱਦ ਕਰ ਦਿੱਤਾ। ਇਹ ਜਾਣਕਾਰੀ ਪੀੜਤ ਪਰਿਵਾਰ ਨੇ ਮੰਗਲਵਾਰ ਨੂੰ ਦਿੱਤੀ।
‘ਗਲੋਬਲ ਨਿਊਜ਼ ਟੋਰਾਂਟੋ’ ਅਨੁਸਾਰ ਜਸਟਿਸ ਜੇਨ ਕੈਲੀ ਦੀ ਪ੍ਰਧਾਨਗੀ ਵਾਲੀ ਟੋਰਾਂਟੋ ਦੀ ਸੁਪੀਰੀਅਰ ਕੋਰਟ ਨੇ ਸੋਮਵਾਰ ਨੂੰ ਰਿਚਰਡ ਐਡਵਿਨ ਨੂੰ 7 ਅਪਰੈਲ ਅਤੇ 9 ਅਪਰੈਲ 2022 ਨੂੰ ਦੋ ਅਣਪਛਾਤੇ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿੱਚ ‘ਫਸਟ-ਡਿਗਰੀ ਮਰਡਰ’ ਦੇ ਦੋ ਦੋਸ਼ਾਂ ਵਿੱਚ ਦੋਸ਼ੀ ਪਾਇਆ।
ਹਾਲਾਂਕਿ ਐਡਵਿਨ ਨੇ ਸੇਨੇਕਾ ਕਾਲਜ ਦੇ ਵਿਦਿਆਰਥੀ ਅਤੇ ਗਾਜ਼ੀਆਬਾਦ ਦੇ ਰਹਿਣ ਵਾਲੇ 21 ਸਾਲਾ ਵਾਸੂਦੇਵ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੀਤੀ ਸੀ, ਪਰ ਉਸ ਦੇ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਅਪਰਾਧਿਕ ਤੌਰ ‘ਤੇ ਜ਼ਿੰਮੇਵਾਰ (NCR) ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਉਹ ਮਾਨਸਿਕ ਵਿਗਾੜ ਤੋਂ ਪੀੜਤ ਸੀ ਅਤੇ ਸਹੀ-ਗਲਤ ਵਿੱਚ ਫਰਕ ਨਹੀਂ ਕਰ ਸਕਦਾ ਸੀ।
ਅਦਾਲਤ ਨੇ ਸਵੀਕਾਰ ਕੀਤਾ ਕਿ ਘਟਨਾ ਦੇ ਸਮੇਂ ਐਡਵਿਨ ਸਕਿਜ਼ੋਫਰੀਨੀਆ (schizophrenia) ਤੋਂ ਪੀੜਤ ਸੀ, ਪਰ ਉਸ ਦੀ ਐੱਨਸੀਆਰ (NCR) ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਬਿਨਾਂ ਪੈਰੋਲ ਦੀ ਸੰਭਾਵਨਾ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ।
‘ਗਲੋਬਲ ਨਿਊਜ਼ ਟੋਰਾਂਟੋ’ ਵਿੱਚ ਪ੍ਰਕਾਸ਼ਿਤ ਅਦਾਲਤ ਦੇ ਫੈਸਲੇ ਅਤੇ ਪੀੜਤ ਦੇ ਪਿਤਾ ਵੱਲੋਂ ਦਿੱਤੇ ਘਟਨਾ ਦੇ ਵੇਰਵਿਆਂ ਅਨੁਸਾਰ ਜਦੋਂ ਵਾਸੂਦੇਵ ਸ਼ੇਰਬੋਰਨ ਸਟੇਸ਼ਨ ਤੋਂ ਬਲੂਰ ਸਟ੍ਰੀਟ ਈਸਟ ਦੀਆਂ ਪੌੜੀਆਂ ਵੱਲ ਜਾ ਰਿਹਾ ਸੀ, ਤਾਂ ਐਡਵਿਨ ਤੇਜ਼ੀ ਨਾਲ ਉਸਦੇ ਕੋਲੋਂ ਲੰਘਿਆ, ਫਿਰ ਪਿੱਛੇ ਮੁੜਿਆ ਅਤੇ ਵਾਸੂਦੇਵ ਦੀ ਪਿੱਠ ‘ਤੇ ਕਈ ਗੋਲੀਆਂ ਚਲਾਈਆਂ।
ਪੀੜਤ ਦੇ ਪਿਤਾ ਜਿਤੇਸ਼ ਵਾਸੂਦੇਵ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਆਖਰੀ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਵਿੱਚ ਹੀ ਰੁਕੇ ਹੋਏ ਸਨ। ਉਨ੍ਹਾਂ ਕਿਹਾ, “ਚਾਰ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ, ਸਾਨੂੰ ਆਖਰਕਾਰ ਇਨਸਾਫ਼ ਮਿਲ ਗਿਆ ਹੈ।”
ਵਾਸੂਦੇਵ ਜਨਵਰੀ 2022 ਵਿੱਚ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਟੋਰਾਂਟੋ ਗਿਆ ਸੀ, ਪਰ ਕੁਝ ਮਹੀਨਿਆਂ ਦੇ ਅੰਦਰ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਬਾਅਦ ਵਿੱਚ ਗਾਜ਼ੀਆਬਾਦ ਲਿਆਂਦੀ ਗਈ ਸੀ।






