ਮਸ਼ਹੂਰ ਕਾਮੇਡੀਅਨ Samay Raina ਨੇ ਮਨੋਰੰਜਨ ਜਗਤ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇੱਕ ਪ੍ਰੈੱਸ ਰਿਲੀਜ਼ ਅਨੁਸਾਰ, Samay Raina ਦਾ ਸਟੈਂਡ-ਅੱਪ ਕਾਮੇਡੀ ਸਪੈਸ਼ਲ ‘Still Alive’ 5.34 ਕਰੋੜ (53.4 ਮਿਲੀਅਨ) ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਇਸ ਦੇ ਨਾਲ ਹੀ ਇਹ ਯੂਟਿਊਬ ’ਤੇ ਕਿਸੇ ਸਿੰਗਲ ਅਪਲੋਡ ਰਾਹੀਂ ਦੁਨੀਆ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪੂਰੀ ਲੰਬਾਈ ਵਾਲਾ ਸਟੈਂਡ-ਅੱਪ ਕਾਮੇਡੀ ਵੀਡੀਓ ਬਣ ਗਿਆ ਹੈ।
7 ਅਪਰੈਲ ਨੂੰ ਯੂਟਿਊਬ ’ਤੇ ਰਿਲੀਜ਼ ਹੋਏ ਇਸ ਪਰੋ ਗਰਾਮ ਨੂੰ ਪਹਿਲੇ 24 ਘੰਟਿਆਂ ਵਿੱਚ ਹੀ 2.2 ਕਰੋੜ ਲੋਕਾਂ ਨੇ ਦੇਖਿਆ ਸੀ। ਇੱਕ ਘੰਟੇ ਤੋਂ ਵੱਧ ਦਾ ਇਹ ਸਪੈਸ਼ਲ, ਰਣਵੀਰ ਅੱਲ੍ਹਾਬਾਦੀਆ ਨਾਲ ਸਬੰਧਿਤ ‘ਇੰਡੀਆਜ਼ ਗੌਟ ਲੇਟੈਂਟ’ ਵਿਵਾਦ ਤੋਂ ਬਾਅਦ Samay Raina ਦੀ ਜ਼ੋਰਦਾਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ।
ਆਪਣੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ Samay Raina ਨੇ ਕਿਹਾ, ਕਿ ‘Still Alive’ ਮੇਰੀ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਕੋਸ਼ਿਸ਼ ਹੈ। ਮੈਂ ਆਪਣੇ ਦਰਸ਼ਕਾਂ ਦਾ ਰਿਣੀ ਹਾਂ, ਜੋ ਮੈਨੂੰ ਇੰਨਾ ਪਿਆਰ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ ਵਿੱਚ ਵੈੱਬ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਦੌਰਾਨ ਰਣਵੀਰ ਅੱਲ੍ਹਾਬਾਦੀਆ ਵੱਲੋਂ ਕੀਤੀਆਂ ਗਈਆਂ ਕੁੱਝ ਟਿੱਪਣੀਆਂ ਕਾਰਨ ਕਾਫ਼ੀ ਹੰਗਾਮਾ ਹੋਇਆ ਸੀ।
ਇਸ ਵਿਵਾਦ ਕਾਰਨ ਕਈ ਪੁਲੀਸ ਸ਼ਿਕਾਇਤਾਂ ਵੀ ਦਰਜ ਹੋਈਆਂ ਸਨ, ਜਿਸ ਤੋਂ ਬਾਅਦ Samay Raina ਨੂੰ ਆਪਣੇ ਸ਼ੋਅ ਦੇ ਸਾਰੇ ਐਪੀਸੋਡ ਹਟਾਉਣੇ ਪਏ ਸਨ। ਇਸ ਨਵੇਂ ਸਪੈਸ਼ਲ ਵਿੱਚ Samay ਨੇ ਉਸ ਦੌਰਾਨ ਝੱਲੇ ਮਾਨਸਿਕ ਤਣਾਅ, ਐੱਫਆਈਆਰ ਅਤੇ ਜਨਤਕ ਵਿਰੋਧ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਇਸ ਤੋਂ ਇਲਾਵਾ 28 ਸਾਲਾ ਕਾਮੇਡੀਅਨ ਨੇ ਸਪੈਸ਼ਲ ਵਿੱਚ ਆਪਣੇ ਬਚਪਨ, ਕਸ਼ਮੀਰੀ ਪੰਡਿਤ ਵਜੋਂ ਆਪਣੀ ਪਛਾਣ ਅਤੇ ਮਾਨਸਿਕ ਸਿਹਤ ਨਾਲ ਜੁੜੇ ਸੰਘਰਸ਼ਾਂ ਨੂੰ ਵੀ ਸਾਂਝਾ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਸ ਸਟੈਂਡ ਅੱਪ ਸਪੈਸ਼ਲ ਵਿੱਚ Samay Raina ਨੇ ਆਪਣੇ ਵਿਵਾਦਿਤ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਦੇ ਦੂਜੇ ਸੀਜ਼ਨ ਦਾ ਵੀ ਐਲਾਨ ਕੀਤਾ ਹੈ।






