ਭਿਆਨਕ ਗਰਮੀ ਦੇ ਦਿਨਾਂ ਵਿੱਚ ਰੱਖ-ਰਖਾਅ (ਮੇਨਟੇਨੈਂਸ) ਦੇ ਕੰਮਾਂ ਲਈ ਪੰਜਾਬ ਵਿੱਚ ਲੱਗਣ ਵਾਲੇ ਛੇ ਤੋਂ ਅੱਠ ਘੰਟੇ ਦੇ ਲੰਮੇ ਬਿਜਲੀ ਕੱਟਾਂ ਕਾਰਨ ਹੋਏ ਭਾਰੀ ਹੰਗਾਮੇ ਤੋਂ ਬਾਅਦ ਹੁਣ ਪੀ ਐੱਸ ਪੀ ਸੀ ਐੱਲ ਨੇ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਅਜਿਹੇ ਕੰਮਾਂ (ਮੇਨਟੇਨੈਂਸ) ਨੂੰ ਸੀਮਤ ਕਰਨ ਅਤੇ ਦਿਨ ਵਿੱਚ ਚਾਰ ਘੰਟੇ ਤੋਂ ਵੱਧ ਬਿਜਲੀ ਕੱਟ ਨਾ ਲਗਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਪੀ ਐੱਸ ਪੀ ਸੀ ਐੱਲ ਦੇ ਡਾਇਰੈਕਟਰ (ਜਨਰੇਸ਼ਨ) ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ, ਰੱਖ-ਰਖਾਅ ਅਤੇ ਨਵੇਂ ਕੰਮਾਂ ਲਈ ਬਿਜਲੀ ਬੰਦ (ਆਊਟੇਜ) ਰੱਖਣ ਵਾਸਤੇ ਨਵੇਂ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ।
ਟ੍ਰਿਬਿਊਨ ਕੋਲ ਮੌਜੂਦ ਨਵੇਂ ਹੁਕਮਾਂ ਦੀ ਕਾਪੀ ਵਿੱਚ ਕਿਹਾ ਗਿਆ ਹੈ, “ਇਹ ਦੇਖਿਆ ਗਿਆ ਹੈ ਕਿ ਜ਼ੋਨਲ ਦਫ਼ਤਰਾਂ ਵੱਲੋਂ ਹਾਲ ਹੀ ਵਿੱਚ ਰੱਖ-ਰਖਾਅ ਅਤੇ ਨਵੇਂ ਕੰਮਾਂ ਲਈ ਜੋ ਬਿਜਲੀ ਕੱਟਾਂ ਦੀ ਤਜਵੀਜ਼ ਭੇਜੀ ਗਈ ਹੈ, ਉਹ ਛੇ ਤੋਂ ਅੱਠ ਘੰਟੇ ਦੀ ਹੈ। ਹਾਲਾਂਕਿ, ਤਾਪਮਾਨ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ ਅਤੇ ਜਨਤਾ ਨੂੰ ਰਾਹਤ ਦੇਣ ਲਈ, ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਨਵਾਂ ਕੰਮ ਪ੍ਰਤੀ ਦਿਨ ਚਾਰ ਘੰਟੇ ਤੋਂ ਵੱਧ ਨਹੀਂ ਹੋਵੇਗਾ।”
ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬਿਜਲੀ ਬੰਦ (ਸ਼ਟਡਾਊਨ) ਦੌਰਾਨ ਸਾਰਾ ਕੰਮ ਏ ਈ ਰੈਂਕ ਦੇ ਅਧਿਕਾਰੀ ਦੀ ਦੇਖ-ਰੇਖ ਵਿੱਚ ਹੋਣਾ ਚਾਹੀਦਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮੇਂ ਦੀ ਬਚਤ ਲਈ, ਕੰਮ ਵਾਸਤੇ ਲੋੜੀਂਦਾ ਸਾਰਾ ਸਾਮਾਨ ਇੱਕ ਦਿਨ ਪਹਿਲਾਂ ਹੀ ਮੌਕੇ ‘ਤੇ ਪਹੁੰਚਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਸੀਨੀਅਰ ਐਕਸੀਅਨ ਪੱਧਰ ਦੇ ਅਧਿਕਾਰੀ ਕੰਮ ਦੇ ਮਿਆਰ ਅਤੇ ਰਫ਼ਤਾਰ ਦੀ ਜਾਂਚ ਕਰਨ ਲਈ ਕਿਸੇ ਵੀ ਸਮੇਂ ਅਚਾਨਕ ਦੌਰਾ ਕਰਨਗੇ।
ਨਵੇਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਰ ਬਿਜਲੀ ਕੱਟ ਦੀ ਜਾਣਕਾਰੀ ਸਹੀ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਪੋਰਟਲ ‘ਤੇ ਦਰਜ ਹੋਣੀ ਚਾਹੀਦੀ ਹੈ। ਪੱਤਰ ਦੇ ਅੰਤ ਵਿੱਚ ਲਿਖਿਆ ਹੈ, “ਇਹ ਹਦਾਇਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹਨ ਤਾਂ ਜੋ ਗਰਮੀ ਦੌਰਾਨ ਆਮ ਜਨਤਾ ਦੀਆਂ ਸ਼ਿਕਾਇਤਾਂ ਘੱਟ ਕੀਤੀਆਂ ਜਾ ਸਕਣ। ਇਹ ਹਦਾਇਤਾਂ ਇਸ ਹਫ਼ਤੇ ਲਈ ਪਹਿਲਾਂ ਹੀ ਭੇਜੇ ਗਏ ਬਿਜਲੀ ਕੱਟਾਂ ਦੇ ਸ਼ਡਿਊਲ ‘ਤੇ ਵੀ ਲਾਗੂ ਹੋਣਗੀਆਂ।”
ਇਹ ਨਵਾਂ ਹੁਕਮ ਉਸ ਨੋਟਿਸ ਤੋਂ ਬਾਅਦ ਆਇਆ ਹੈ, ਜਦੋਂ ਪਾਵਰਕੌਮ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਸਮੇਤ ਮੁੱਖ ਸ਼ਹਿਰਾਂ ਵਿੱਚ 26 ਅਪਰੈਲ ਤੱਕ ਛੇ ਤੋਂ ਅੱਠ ਘੰਟੇ ਦੇ ਲੰਮੇ ਬਿਜਲੀ ਕੱਟਾਂ ਦਾ ਸਰਕੂਲਰ ਜਾਰੀ ਕੀਤਾ ਸੀ। ਹਾਲਾਂਕਿ, ਕੁਝ ਇਲਾਕਿਆਂ ਵਿੱਚ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਵਾਸੀਆਂ ਨੇ ਦੁਪਹਿਰ ਅਤੇ ਰਾਤ ਦੇ ਸਮੇਂ ਵਾਰ-ਵਾਰ ਅਤੇ ਲੰਮੇ ਕੱਟਾਂ ਦੀਆਂ ਸ਼ਿਕਾਇਤਾਂ ਕੀਤੀਆਂ ਸਨ।
ਇਸ ਕਾਰਨ ਕਈ ਥਾਵਾਂ ‘ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਹੋਏ ਅਤੇ ਵਿਰੋਧੀ ਪਾਰਟੀਆਂ ਨੇ ਵੀ ਗਰਮੀ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੇ ਫੈਸਲੇ ‘ਤੇ ਸਵਾਲ ਚੁੱਕੇ ਸਨ।





