ਹਿਮਾਚਲ ਪ੍ਰਦੇਸ਼ ਵਿੱਚ 24 ਅਪਰੈਲ ਤੋਂ ਬਰਫ਼ਬਾਰੀ, ਗੜੇ ਪੈਣ ਅਤੇ ਮੀਂਹ ਦਾ ਇੱਕ ਹੋਰ ਸਿਲਸਿਲਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਬਾ ਦੇ ਮੌਸਮ ਵਿਭਾਗ ਨੇ ਇਸ ਦੇ ਮੱਦੇਨਜ਼ਰ 24, 25, 28 ਅਤੇ 29 ਅਪਰੈਲ ਲਈ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਨੇ 24 ਅਪਰੈਲ ਨੂੰ ਕੁਲੂ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਲਈ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਕਾਰਨ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਦੇ ਨਾਲ ਬੱਦਲਾਂ ਦੀ ਜ਼ੋਰਦਾਰ ਗਰਜ ਸੁਣਨ ਨੂੰ ਮਿਲ ਸਕਦੀ ਹੈ।
ਵਿਭਾਗ ਮੁਤਾਬਕ 24 ਅਤੇ 26 ਅਪਰੈਲ ਨੂੰ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 25, 28 ਅਤੇ 29 ਅਪਰੈਲ ਨੂੰ ਪੂਰੇ ਹਿਮਾਚਲ ਵਿੱਚ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ, ਜਦਕਿ 27 ਅਪਰੈਲ ਨੂੰ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ, ਇਸ ਸਭ ਦੇ ਬਾਵਜੂਦ ਸੂਬੇ ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਫਰਕ ਨਹੀਂ ਪਵੇਗਾ।
ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਿਹਾ, ਜਦਕਿ ਬਹੁਤੀਆਂ ਥਾਵਾਂ ‘ਤੇ ਦਿਨ ਭਰ ਤੇਜ਼ ਧੁੱਪ ਖਿੜੀ ਰਹੀ। ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ, ਧਰਮਸ਼ਾਲਾ ਵਿੱਚ 33 ਡਿਗਰੀ ਸੈਲਸੀਅਸ, ਮਨਾਲੀ ਵਿੱਚ 26.8 ਡਿਗਰੀ ਸੈਲਸੀਅਸ, ਕਾਂਗੜਾ ਵਿੱਚ 36.4 ਡਿਗਰੀ ਸੈਲਸੀਅਸ, ਮੰਡੀ ਵਿੱਚ 35 ਡਿਗਰੀ ਸੈਲਸੀਅਸ, ਸੋਲਨ ਵਿੱਚ 33 ਡਿਗਰੀ ਸੈਲਸੀਅਸ, ਤਾਬੋ ਵਿੱਚ 17.9 ਡਿਗਰੀ ਸੈਲਸੀਅਸ, ਸੁੰਦਰਨਗਰ ਵਿੱਚ 35.8 ਡਿਗਰੀ ਸੈਲਸੀਅਸ, ਨਾਹਨ ਵਿੱਚ 34.9 ਡਿਗਰੀ ਸੈਲਸੀਅਸ, ਭੁੰਤਰ ਵਿੱਚ 33.4 ਡਿਗਰੀ ਸੈਲਸੀਅਸ ਅਤੇ ਕਲਪਾ ਵਿੱਚ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਊਨਾ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਸਭ ਤੋਂ ਘੱਟ ਤਾਪਮਾਨ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਕੁਕੁਮਸੇਰੀ ਪਿੰਡ ਵਿੱਚ 5.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।






