ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਜਲ ਸੈਨਾ ਵੱਲੋਂ ਕੀਤੀ ਗਈ ਸਮੁੰਦਰੀ ਘੇਰਾਬੰਦੀ ਕਾਰਨ ਇਰਾਨ ਨੂੰ ਹਰ ਰੋਜ਼ ਲਗਪਗ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਅਮਰੀਕਾ ਮੁਤਾਬਕ ਭਾਵੇਂ ਸਿੱਧੀ ਜੰਗ ਰੁਕ ਗਈ ਹੈ, ਪਰ ਇਰਾਨ ਉੱਤੇ ਆਰਥਿਕ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ।
ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਫੌਜੀ ਹਮਲੇ ਰੁਕੇ ਹੋਏ ਹਨ, ਪਰ ‘ਆਪਰੇਸ਼ਨ ਇਕਨਾਮਿਕ ਫਿਊਰੀ’ (ਆਰਥਿਕ ਜੰਗ) ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘੇਰਾਬੰਦੀ ਨਾਲ ਇਰਾਨ ਦੀ ਆਰਥਿਕਤਾ ਦਾ ਗਲਾ ਘੁੱਟ ਰਹੇ ਹਾਂ ਅਤੇ ਉਨ੍ਹਾਂ ਨੂੰ ਹਰ ਰੋਜ਼ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਰਾਸ਼ਟਰਪਤੀ ਇਸ ਕਾਰਵਾਈ ਤੋਂ ਸੰਤੁਸ਼ਟ ਹਨ ਅਤੇ ਹੁਣ ਇਰਾਨ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਟਿੱਪਣੀਆਂ ਅਮਰੀਕਾ ਦੀ ਉਸ ਰਣਨੀਤੀ ਨੂੰ ਦਰਸਾਉਂਦੀਆਂ ਹਨ ਜਿਸ ਤਹਿਤ ਜੰਗ ਦੇ ਮੈਦਾਨ ਵਿੱਚ ਜੰਗਬੰਦੀ ਦੇ ਨਾਲ-ਨਾਲ ਲਗਾਤਾਰ ਵਿੱਤੀ ਦਬਾਅ ਬਣਾਇਆ ਜਾ ਰਿਹਾ ਹੈ, ਤਾਂ ਜੋ ਇਰਾਨ ਨੂੰ ਅਮਰੀਕੀ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।
ਲੀਵਿਟ ਨੇ ਕਿਹਾ ਕਿ ਜੰਗਬੰਦੀ ਵਧਾਉਣ ਦਾ ਫੈਸਲਾ ਇਹ ਦਿਖਾਉਂਦਾ ਹੈ ਕਿ ਘੇਰਾਬੰਦੀ ਦਾ ਪੂਰਾ ਅਸਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਜੰਗਬੰਦੀ ਇਸ ਲਈ ਵਧਾਈ ਹੈ ਕਿਉਂਕਿ ਇਰਾਨ ਨੂੰ ਆਪਣਾ ਰਵੱਈਆ ਸੁਧਾਰਨ ਦੀ ਲੋੜ ਹੈ।
ਉਨ੍ਹਾਂ ਦੁਹਰਾਇਆ ਕਿ ਇਨ੍ਹਾਂ ਮੰਗਾਂ ਦੇ ਕੇਂਦਰ ਵਿੱਚ ਇਰਾਨ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਰੋਕਣਾ ਹੈ। ਉਨ੍ਹਾਂ ਕਿਹਾ, ”ਇਰਾਨ ਕਦੇ ਵੀ ਅਮਰੀਕਾ ਜਾਂ ਸਾਡੇ ਸਾਥੀ ਦੇਸ਼ਾਂ ਨੂੰ ਡਰਾਉਣ ਲਈ ਪਰਮਾਣੂ ਬੰਬ ਨਹੀਂ ਬਣਾ ਸਕੇਗਾ ਅਤੇ ਉਸ ਨੂੰ ਆਪਣੇ ਕੋਲ ਮੌਜੂਦ ਯੂਰੇਨੀਅਮ ਵੀ ਵਾਪਸ ਕਰਨਾ ਪਵੇਗਾ। ਹੁਣ ਅਸੀਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ।”
ਉਨ੍ਹਾਂ ਨੇ ਸਮੁੰਦਰ ਵਿੱਚ ਇਰਾਨ ਦੇ ਰਵੱਈਏ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਇਰਾਨ ਹੁਣ ਜਲ ਸੈਨਾ ਦੇ ਮਰਿਆਦਾ ਵਾਲੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਰਾਨ, ਜਿਸ ਕੋਲ ਕਦੇ ਮੱਧ ਪੂਰਬ ਦੀ ਸਭ ਤੋਂ ਖਤਰਨਾਕ ਜਲ ਸੈਨਾ ਹੁੰਦੀ ਸੀ, ਹੁਣ ਸਮੁੰਦਰੀ ਡਾਕੂਆਂ ਦੇ ਟੋਲੇ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਾਸ ਸਮੁੰਦਰੀ ਇਲਾਕਿਆਂ ਵਿੱਚ ਇਰਾਨ ਦੀਆਂ ਹਾਲੀਆ ਗਤੀਵਿਧੀਆਂ “ਸਮੁੰਦਰੀ ਡਾਕੂਆਂ” ਵਾਲੀਆਂ ਹਰਕਤਾਂ ਵਰਗੀਆਂ ਹਨ।
ਲੀਵਿਟ ਦੇ ਅਨੁਸਾਰ ਅਮਰੀਕਾ ਦਾ ਸਥਿਤੀ ‘ਤੇ ਪੂਰਾ ਕੰਟਰੋਲ ਹੈ। ਉਨ੍ਹਾਂ ਕਿਹਾ, “ਨਾ ਸਿਰਫ ਇਰਾਨ ਫੌਜੀ ਤੌਰ ‘ਤੇ ਕਾਫ਼ੀ ਕਮਜ਼ੋਰ ਹੋ ਗਿਆ ਹੈ, ਬਲਕਿ ਇਸ ਘੇਰਾਬੰਦੀ ਨਾਲ ਬੀਤਣ ਵਾਲੇ ਹਰ ਪਲ ਨਾਲ ਉਹ ਆਰਥਿਕ ਅਤੇ ਵਿੱਤੀ ਤੌਰ ‘ਤੇ ਨੁਕਸਾਨ ਝੱਲ ਰਿਹਾ ਹੈ।”
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕੀਤੀ ਹੋਈ ਹੈ, ਜਿਸ ਦਾ ਅਸਰ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ (ਆਉਣ-ਜਾਣ ਵਾਲੇ ਜਹਾਜ਼ਾਂ) ‘ਤੇ ਪਿਆ ਹੈ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੈ।ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ‘ਤੇ ਆਰਥਿਕ ਦਬਾਅ ਬਣਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਰਾਨ ਦੀਆਂ ਬੰਦਰਗਾਹਾਂ ਦੀ ਨਾਕਾਬੰਦੀ ਕੀਤੀ ਹੋਈ ਹੈ, ਜਿਸ ਦਾ ਅਸਰ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ (ਆਉਣ-ਜਾਣ ਵਾਲੇ ਜਹਾਜ਼ਾਂ) ‘ਤੇ ਪਿਆ ਹੈ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੈ। ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ‘ਤੇ ਆਰਥਿਕ ਦਬਾਅ ਬਣਾ ਰਿਹਾ ਹੈ।






