ਪਾਣੀਪਤ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਿਊਸ਼ ਸ਼ਰਮਾ ਦੀ ਫਾਸਟ ਟਰੈਕ ਪੋਕਸੋ ਅਦਾਲਤ ਨੇ ਸੋਮਵਾਰ ਨੂੰ ਵੱਡਾ ਫੈਸਲਾ ਸੁਣਾਇਆ। ਅਦਾਲਤ ਨੇ 14 ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਨੂੰ 55,000 ਰੁਪਏ ਜੁਰਮਾਨਾ ਵੀ ਕੀਤਾ ਹੈ।
ਜ਼ਿਲ੍ਹਾ ਅਟਾਰਨੀ ਰਾਜੇਸ਼ ਚੌਧਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਰਿਪੋਰਟ 17 ਜੂਨ, 2023 ਨੂੰ ਚਾਂਦਨੀਬਾਗ ਪੁਲੀਸ ਕੋਲ ਦਰਜ ਹੋਈ ਸੀ, ਜਿਸ ਵਿੱਚ ਇੱਕ ਔਰਤ ਨੇ ਦੱਸਿਆ ਸੀ ਕਿ ਉਸ ਦੀ 14 ਸਾਲ ਦੀ ਇੱਕ ਬੇਟੀ ਹੈ। ਉਸ ਨੇ ਦੋਸ਼ ਲਗਾਇਆ ਕਿ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਿਸ਼ਾਲ ਨਾਮ ਦਾ ਲੜਕਾ ਉਸ ਦੀ ਬੇਟੀ ਨਾਲ ਛੇੜਛਾੜ ਕਰ ਰਿਹਾ ਸੀ। 17 ਜੂਨ ਨੂੰ ਵਿਸ਼ਾਲ ਉਸ ਦੀ ਬੇਟੀ ਨੂੰ ਆਪਣੇ ਮੋਟਰਸਾਈਕਲ ‘ਤੇ ਆਪਣੇ ਪਿੰਡ ਉਝਾ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਉਸ ਦੇ ਭਰਾ ਨੇ ਉਨ੍ਹਾਂ ਨੂੰ ਫੜ ਲਿਆ ਤਾਂ ਵਿਸ਼ਾਲ ਉਸ ਦੇ ਭਰਾ ਨਾਲ ਝਗੜਾ ਕਰਨ ਲੱਗਾ ਅਤੇ ਉੱਥੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਸੀ ਅਤੇ ਤੱਥਾਂ ਦੀ ਪੁਸ਼ਟੀ ਕਰਨ ਮਗਰੋਂ ਕੇਸ ਵਿੱਚ ਪੋਕਸੋ (POCSO) ਦੀ ਧਾਰਾ 6 ਸ਼ਾਮਲ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਵਿਸ਼ਾਲ ਨੂੰ ਉਝਾ ਗੇਟ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ।
ਵਧੀਕ ਸੈਸ਼ਨ ਜੱਜ ਪਿਊਸ਼ ਸ਼ਰਮਾ ਦੀ ਫਾਸਟ ਟਰੈਕ ਪੋਕਸੋ ਅਦਾਲਤ ਨੇ ਸੋਮਵਾਰ ਨੂੰ ਮੁਲਜ਼ਮ ਵਿਸ਼ਾਲ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਸਜ਼ਾ ਸੁਣਾਈ ਅਤੇ 55,000 ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਜੁਰਮਾਨੇ ਦੀ ਰਕਮ ਪੀੜਤਾ ਨੂੰ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।






