ਸ਼ੰਭੂ ਅਤੇ ਰਾਜਪੁਰਾ ਦੇ ਵਿਚਕਾਰ ਪੈਂਦੇ ਪਿੰਡ ਬਿਠੌਣੀਆ ਨੇੜੇ ਰੇਲਵੇ ਟਰੈਕ ‘ਤੇ ਕਥਿਤ ਤੌਰ ‘ਤੇ ਵਿਸਫੋਟਕ ਲਗਾਉਂਦੇ ਸਮੇਂ ਮਾਰੇ ਗਏ 35 ਸਾਲਾ ਜਗਰੂਪ ਸਿੰਘ ਬਾਰੇ ਅਹਿਮ ਖੁਲਾਸੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਜਗਰੂਪ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ। ਉਹ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਸੀ ਅਤੇ ਚੋਣਾਂ ਦੌਰਾਨ ਉਸ ਲਈ ਪ੍ਰਚਾਰ ਵੀ ਕਰ ਚੁੱਕਾ ਸੀ।
ਜਗਰੂਪ ਪਹਿਲਾਂ ਕਲੀਨ-ਸ਼ੇਵ (ਦਾੜ੍ਹੀ-ਮੁੱਛ ਕਟਵਾ ਕੇ) ਰਹਿੰਦਾ ਸੀ, ਪਰ ਬਾਅਦ ਵਿੱਚ ਉਸ ਨੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਇੱਕ ਨਿਹੰਗ ਸਿੰਘ ਵਜੋਂ ਆਪਣੀ ਪਛਾਣ ਰੱਖਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦੀਆਂ ਦੋ ਬੇਟੀਆਂ ਹਨ। ਜਗਰੂਪ ਕੁਝ ਸਮਾਂ ਪਹਿਲਾਂ ਦੁਬਈ ਵਿੱਚ ਵੀ ਕੰਮ ਕਰ ਚੁੱਕਾ ਸੀ। ਪੁਲੀਸ ਨੇ ਉਸ ਦੇ ਛੋਟੇ ਭਰਾ ਸਤਨਾਮ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਆਟਾ ਚੱਕੀ ਚਲਾਉਂਦਾ ਹੈ। ਪੁਲੀਸ ਨੇ ਮੰਗਲਵਾਰ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਗਰੂਪ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਹ ਕਦੇ ਕਿਸੇ ਵਿਵਾਦ ਵਿੱਚ ਨਹੀਂ ਪਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਰੂਪ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਸੋਮਵਾਰ ਸ਼ਾਮ ਨੂੰ ਘਰੋਂ ਨਿਕਲਿਆ ਸੀ। ਉਸ ਨੇ ਕਿਹਾ, “ਜਾਣ ਤੋਂ ਪਹਿਲਾਂ ਉਸਨੇ ਕਿਹਾ ਸੀ, ‘ਅਸੀਂ ਜਾਨ ਦੇਣੀ ਹੈ ਰੱਬ ਨੂੰ’।” ਮਾਂ ਨੇ ਅੱਗੇ ਦੱਸਿਆ ਕਿ ਪੁਲੀਸ ਉਸ ਦੇ ਛੋਟੇ ਪੁੱਤਰ ਸਤਨਾਮ ਨੂੰ ਲੈ ਗਈ ਹੈ। ਉਨ੍ਹਾਂ ਮੰਗ ਕੀਤੀ, “ਮੈਨੂੰ ਮੇਰਾ ਛੋਟਾ ਪੁੱਤਰ ਵਾਪਸ ਚਾਹੀਦਾ ਹੈ। ਉਸ ਦਾ ਕਿਸੇ ਚੀਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਚੁੱਪਚਾਪ ਆਪਣੀ ਚੱਕੀ ਚਲਾ ਰਿਹਾ ਸੀ। ਜਗਰੂਪ ਅਤੇ ਸਤਨਾਮ ਦੋਵਾਂ ਦੀਆਂ ਦੋ-ਦੋ ਬੇਟੀਆਂ ਹਨ। ਜਗਰੂਪ ਦਲ ਪੰਥ ਦਾ ਸ਼ਰਧਾਲੂ ਸੀ, ਜਦਕਿ ਸਤਨਾਮ ਹੀ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ।






