ਮਰਦਮਸ਼ੁਮਾਰੀ 2027 ਲਈ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਡਿਊਟੀ ਲਈ ਸੱਦਿਆ ਜਾ ਰਿਹਾ ਹੈ। ਨਾਭਾ ਵਿੱਚ ਫਰਵਰੀ ਮਹੀਨੇ ਦੌਰਾਨ ਨਿੱਜੀ ਸਕੂਲਾਂ ਨੂੰ ਚਿੱਠੀ ਭੇਜ ਕੇ ਉਨ੍ਹਾਂ ਦੇ ਸਾਰੇ ਸਟਾਫ਼ ਦੀ ਜਾਣਕਾਰੀ ਮੰਗੀ ਗਈ ਸੀ ਅਤੇ ਹੁਣ ਉਨ੍ਹਾਂ ਸਕੂਲਾਂ ਦੇ ਕੁਝ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਲਈ ਟਰੇਨਿੰਗ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਪੱਤਰ ਕੁੱਝ ਨਾਮੀ ਨਿੱਜੀ ਸਕੂਲਾਂ ਨੂੰ ਨਹੀਂ ਕੱਢੇ ਗਏ, ਜਿਥੇ ਵੱਡੇ ਅਧਿਕਾਰੀ ਖੁਦ ਪ੍ਰਬੰਧਕੀ ਬੋਰਡ ਦੇ ਮੈਂਬਰ ਹਨ।
ਜਾਣਕਾਰੀ ਮੁਤਾਬਕ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦਾ ਕੰਮ ਸਕੂਲ ਦੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਕਰਨਾ ਪਵੇਗਾ। ਟਰੇਨਿੰਗ ਲੈ ਰਹੇ ਇੱਕ ਅਧਿਆਪਕ ਨੇ ਦੱਸਿਆ ਕਿ ਪਹਿਲਾਂ ਹੀ ਘੱਟ ਤਨਖਾਹਾਂ ‘ਤੇ ਗੁਜ਼ਾਰਾ ਕਰ ਰਹੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਮਰਦਮਸ਼ੁਮਾਰੀ ਦੇ ਕੰਮ ਲਈ ਖੁਦ ਦੇ ਮੋਬਾਈਲ ਫ਼ੋਨ ਅਤੇ ਪਾਵਰ ਬੈਂਕ ਵਰਤਣੇ ਪੈਣਗੇ।
ਉਨ੍ਹਾਂ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਸਾਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਦੇ ਵੀ ਘਰ ਜਾ ਕੇ ਮੋਬਾਈਲ ਚਾਰਜ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਅਧਿਆਪਕਾਂ ਮੁਤਾਬਕ, ਉਹ ਦੁਪਹਿਰ 3 ਵਜੇ ਤੱਕ ਸਕੂਲ ਦੀ ਡਿਊਟੀ ਕਰਨ ਤੋਂ ਬਾਅਦ ਇਸ ਕੜਕਦੀ ਗਰਮੀ ਵਿੱਚ ਘਰ-ਘਰ ਜਾ ਕੇ ਸਰਵੇਖਣ ਦਾ ਕੰਮ ਕਰਨਗੇ। ਨਿੱਜੀ ਸਕੂਲਾਂ ਦੇ ਅਧਿਆਪਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਇਸ ਡਿਊਟੀ ਤੋਂ ਨਾਂਹ ਕਰਨ ਲਈ ਕੋਈ ਕਾਨੂੰਨੀ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਡਿਊਟੀ ਕਟਵਾਉਣ ਲਈ ਜਾਂ ਤਾਂ ਕੋਈ ਵੱਡੀ ਸਿਫ਼ਾਰਿਸ਼ ਚਾਹੀਦੀ ਹੈ ਜਾਂ ਫਿਰ ਨੌਕਰੀ ਹੀ ਛੱਡਣੀ ਪਵੇਗੀ।
ਦੂਜੇ ਪਾਸੇ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ਵਿਕਰਮ ਦੇਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਦੇ ਉਲਟ, ਹੁਣ 70 ਹਜ਼ਾਰ ਸਰਕਾਰੀ ਅਧਿਆਪਕਾਂ ਦੀ ਡਿਊਟੀ ਪੜ੍ਹਾਈ ਤੋਂ ਹਟਾ ਕੇ ਮਰਦਮਸ਼ੁਮਾਰੀ ਦੇ ਕੰਮ ਵਿੱਚ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਬੀਤੇ ਦਿਨੀਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਹਨ ਕਿ ਕਿਸੇ ਵੀ ਸਕੂਲ ਵਿੱਚੋਂ 50 ਫ਼ੀਸਦੀ ਤੋਂ ਵੱਧ ਅਧਿਆਪਕ ਨਾ ਲਏ ਜਾਣ, ਕਿਉਂਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ।
ਉੱਥੇ ਹੀ ਏ ਡੀ ਸੀ ਪਟਿਆਲਾ ਦਮਨਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਵੀ ਸਟਾਫ਼ ਦੀ ਕਮੀ ਹੈ, ਉੱਥੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਜਾਂ ਨਿੱਜੀ ਸਕੂਲਾਂ ਤੋਂ ਅਮਲਾ ਲਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਰਦਮਸ਼ੁਮਾਰੀ ਦੀ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਇਸ ਕੰਮ ਦੇ ਬਦਲੇ ਮਾਣ ਭੱਤਾ ਵੀ ਦਿੱਤਾ ਜਾਵੇਗਾ।






