ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅੱਜ ਭਾਰਤ ਸਰਕਾਰ ਨੂੰ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਤਹਿਰਾਨ ਵਿੱਚ ਫਸੇ ਇਰਾਨੀ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਸ਼ੇਰਗਿੱਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਰਾਹੀਂ ਵਿਦੇਸ਼ ਮੰਤਰਾਲੇ ਨੂੰ ਟੈਗ ਕਰਦਿਆਂ ਦੱਸਿਆ ਕਿ ਕੁਝ ਇਰਾਨੀ ਸਿੱਖ ਜੋੜੇ ਤਹਿਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਤੁਰੰਤ ਸਹਾਇਤਾ ਦੀ ਲੋੜ ਹੈ।
ਜੈਵੀਰ ਸ਼ੇਰਗਿੱਲ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿੱਚ ਕੁਝ ਬਜ਼ੁਰਗ ਇਰਾਨੀ ਸਿੱਖ ਜੋੜੇ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਹਾਨ ਏਅਰਵੇਜ਼ ਦਾ ਇੱਕ ਜਹਾਜ਼ 5 ਮਈ ਨੂੰ ਤਹਿਰਾਨ ਤੋਂ ਭਾਰਤ ਲਈ ਰਵਾਨਾ ਹੋਣਾ ਹੈ ਪਰ ਏਅਰਲਾਈਨ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਕਰਨ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਇਨ੍ਹਾਂ ਸਿੱਖ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਤਹਿਰਾਨ ਦਾ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਇਰਾਨ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਹਾਲ ਹੀ ਵਿੱਚ ਇੱਥੇ ਵਿਸਾਖੀ ਮਨਾਏ ਜਾਣ ਕਾਰਨ ਇਹ ਚਰਚਾ ਵਿੱਚ ਰਿਹਾ ਸੀ। ਜੰਗ ਦੇ ਹਾਲਾਤ ਦੇ ਬਾਵਜੂਦ, ਤਹਿਰਾਨ ਦੇ ਸਿੱਖਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ, ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸ਼ਬਦ ਕੀਰਤਨ ਹੋਇਆ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਰਸਮ ਵੀ ਨਿਭਾਈ ਗਈ।
ਇਹ ਗੁਰਦੁਆਰਾ ਇਤਿਹਾਸਕ ਪੱਖੋਂ ਵੀ ਕਾਫੀ ਅਹਿਮ ਹੈ। ਸਾਲ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਇਰਾਨ ਯਾਤਰਾ ਦੌਰਾਨ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। 15 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਇਰਾਨ ਯਾਤਰਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ‘ਤੇ ਹਾਜ਼ਰੀ ਭਰੀ ਸੀ।






