ED ਨੇ ਦਿੱਲੀ ਵਿੱਚ 46 ਕਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਦੇ ਧੋਖਾਧੜੀ ਨਾਲ ਕੀਤੇ ਗਏ ਕਬਜ਼ੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਅਲ-ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਜਵਾਦ ਅਹਿਮਦ ਸਿੱਦੀਕੀ ਅਤੇ ਤਿੰਨ ਹੋਰਾਂ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਅਲ-ਫਲਾਹ ਯੂਨੀਵਰਸਿਟੀ ਪਹਿਲਾਂ ਉਦੋਂ ਸੁਰਖੀਆਂ ਵਿੱਚ ਆਈ ਸੀ, ਜਦੋਂ 10 ਨਵੰਬਰ ਨੂੰ ਲਾਲ ਕਿਲੇ ਨੇੜੇ ਧਮਾਕਾ ਹੋ ਗਿਆ ਸੀ ਜਿਸ ਵਿੱਚ 15 ਲੋਕ ਮਾਰੇ ਗਏ ਸਨ। ਇਸ ਮਾਮਲਾ ਇੱਕ ਵ੍ਹਾਈਟ-ਕਾਲਰ ਅਤਿਵਾਦ ਨਾਲ ਜੁੜਿਆ ਹੋਇਆ ਸੀ।
ਈ.ਡੀ. ਅਨੁਸਾਰ ਇਹ ਸ਼ਿਕਾਇਤ ਸਾਕੇਤ ਦੀ ਇੱਕ ਵਿਸ਼ੇਸ਼ ਪੀ.ਐੱਮ.ਐੱਲ.ਏ. (PMLA) ਅਦਾਲਤ ਵਿੱਚ ਸਿੱਦੀਕੀ, ਉਨ੍ਹਾਂ ਦੁਆਰਾ ਚਲਾਈ ਜਾ ਰਹੀ ਤਰਬੀਆ ਐਜੂਕੇਸ਼ਨ ਫਾਊਂਡੇਸ਼ਨ ਅਤੇ ਦੋ ਹੋਰ ਵਿਅਕਤੀਆਂ ਵਿਨੋਦ ਕੁਮਾਰ ਅਤੇ ਸ਼੍ਰੀਓਮ ਚੌਹਾਨ ਖ਼ਿਲਾਫ਼ ਦਾਖਲ ਕੀਤੀ ਗਈ ਹੈ। ਈ.ਡੀ. ਨੇ ਇਸ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਸਿੱਦੀਕੀ, ਕੁਮਾਰ ਅਤੇ ਚੌਹਾਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਮਾਮਲੇ ਦੀ ਜਾਂਚ ਦਿੱਲੀ ਪੁਲੀਸ ਵਲੋਂ ਦਰਜ ਕੀਤੀਆਂ ਗਈਆਂ ਐੱਫ.ਆਈ.ਆਰਜ਼ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਇਹ ਮਾਮਲਾ ਦੱਖਣੀ-ਪੂਰਬੀ ਦਿੱਲੀ ਦੇ ਮਦਨਪੁਰ ਖਾਦਰ ਵਿੱਚ ਸਥਿਤ ਜ਼ਮੀਨ ਨੂੰ ਫਰਜ਼ੀ ਜਨਰਲ ਪਾਵਰ ਆਫ ਅਟਾਰਨੀ (GPA) ਅਤੇ ਹੋਰ ਨਕਲੀ ਦਸਤਾਵੇਜ਼ਾਂ ਦੇ ਸਹਾਰੇ ਗੈਰ-ਕਾਨੂੰਨੀ ਤਰੀਕੇ ਨਾਲ ਹੜੱਪਣ ਨਾਲ ਜੁੜਿਆ ਹੋਇਆ ਹੈ। ਜਾਂਚ ਏਜੰਸੀ ਅਨੁਸਾਰ ਜਿਸ ਜੀ.ਪੀ.ਏ. ਦੇ ਆਧਾਰ ‘ਤੇ ਇਹ ਜ਼ਮੀਨ ਤਰਬੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਨਾਂ ਬਦਲੀ ਕੀਤੀ ਗਈ ਸੀ, ਉਨ੍ਹਾਂ ਉੱਤੇ 7 ਜਨਵਰੀ 2004 ਦੀ ਤਰੀਕ ਲਿਖੀ ਹੋਈ ਸੀ ਪਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜ਼ਮੀਨ ਦੇ ਕਈ ਅਸਲ ਮਾਲਕਾਂ ਦੀ ਮੌਤ ਸਾਲ 2004 ਤੋਂ ਕਈ ਦਹਾਕੇ ਪਹਿਲਾਂ ਹੀ ਹੋ ਚੁੱਕੀ ਸੀ।
ਏਜੰਸੀ ਨੇ ਦੱਸਿਆ ਕਿ ਅਹਿਮਦ ਸਿੱਦੀਕੀ ਅਤੇ ਉਸ ਦੇ ਸਾਥੀਆਂ ਨੇ ਮੂਲ ਜ਼ਮੀਨ ਮਾਲਕਾਂ ਦੇ ਫਰਜ਼ੀ ਦਸਤਖਤ ਅਤੇ ਅੰਗੂਠਿਆਂ ਦੇ ਨਿਸ਼ਾਨ ਤਿਆਰ ਕਰਨ ਦੀ ਸਾਜ਼ਿਸ਼ ਰਚੀ ਤਾਂ ਕਿ ਇਸ ਕੀਮਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਸਕੇ। ਈ.ਡੀ. ਅਨੁਸਾਰ ਇਹ ਫਰਜ਼ੀ ਜੀ.ਪੀ.ਏ. ਸਾਲ 2012-13 ਵਿੱਚ ਤਿਆਰ ਕੀਤੇ ਗਏ ਸਨ, ਜੋ ਕਿ ਫਾਊਂਡੇਸ਼ਨ ਦੇ ਨਾਂ ‘ਤੇ ਜ਼ਮੀਨ ਟਰਾਂਸਫਰ ਕੀਤੇ ਜਾਣ ਤੋਂ ਠੀਕ ਪਹਿਲਾਂ ਦਾ ਸਮਾਂ ਸੀ।






