ਚੈਕ ਅਪ ਕਰਾਉਣ ਲਈ ਦੋਸਤ ਨੂੰ ਹਸਪਤਾਲ ਲਿਜਾ ਰਹੇ ਜੂਡੋ ਦੇ ਖਿਡਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਬਦਮਾਸ਼ਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਬਦਮਾਸ਼ਾਂ ਨੇ ਨੌਜਵਾਨ ਦੇ ਸੱਟਾਂ ਮਾਰੀਆਂ ਤੇ ਉਸ ਦਾ ਮੋਟਰਸਾਈਕਲ ਖੋਹ ਲਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅੰਮ੍ਰਿਤਸਰ ਦੇ ਸਿਵਲ ਲਾਈਨ ਇਲਾਕੇ ਦੇ ਰਹਿਣ ਵਾਲੇ ਅਮਨ ਸ਼ਰਮਾ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਸਾਢੇ 17 ਸਾਲਾਂ ਦੇ ਅਮਨ ਸ਼ਰਮਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸੇਖੇਵਾਲ ਸਕੂਲ ਵਿੱਚ ਬਾਰਵੀਂ ਜਮਾਤ ਦੀ ਪੜ੍ਹਾਈ ਕਰਦਾ ਹੈ। ਵਿਦਿਆਰਥੀ ਨੈਸ਼ਨਲ ਲੈਵਲ ਦਾ ਇੱਕ ਜੂਡੋ ਦਾ ਖਿਡਾਰੀ ਵੀ ਹੈ। ਬੀਤੀ ਰਾਤ ਉਸਦੇ ਦੋਸਤ ਦੀ ਤਬੀਅਤ ਅਚਾਨਕ ਵਿਗੜ ਗਈ। ਅਮਨ ਦੇ ਦੋਸਤ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਸੀ, ਇਸ ਕਾਰਨ ਉਹ ਆਪਣੇ ਦੋਸਤ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਨਿਕਲਿਆ। ਅਮਨ ਸ਼ਰਮਾ ਨੇ ਦੱਸਿਆ ਕਿ ਉਹ ਜਿਵੇਂ ਹੀ ਰੱਖਬਾਗ ਦੀ ਪਾਰਕਿੰਗ ਦੇ ਕੋਲ ਪਹੁੰਚੇ ਤਾਂ ਪਾਰਕਿੰਗ ਵਿੱਚੋਂ ਦੋ ਨੌਜਵਾਨ ਨਿਕਲੇ।





