ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਮਹਿਲ ਕਲਾਂ ਵਿੱਚ ਹੋਣ ਵਾਲੀ ‘ਲੋਕ ਮਿਲਣੀ’ ਪਹਿਲਾਂ ਹੀ ਵਿਰੋਧ ਦੇ ਭਾਰੀ ਸਾਏ ਹੇਠ ਆ ਗਈ ਹੈ। ਕਿਸਾਨ, ਮਜ਼ਦੂਰ ਅਤੇ ਵੱਖ-ਵੱਖ ਸੰਘਰਸ਼ੀ ਜੱਥੇਬੰਦੀਆਂ ਦੇ ਤਿੱਖੇ ਵਿਰੋਧ ਨੂੰ ਦੇਖਦੇ ਹੋਏ ਪੂਰੇ ਕਸਬੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਮਾਗਮ ਵਾਲੇ ਇਲਾਕੇ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਨੂੰ ਸੀਲ ਕਰਕੇ ਹਰ ਵਿਅਕਤੀ ਦੀ ਸਖ਼ਤ ਤਸਦੀਕ ਤੋਂ ਬਾਅਦ ਹੀ ਦਾਖ਼ਲਾ ਦਿੱਤਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ‘ਲੋਕ ਮਿਲਣੀ’ ਤੋਂ ਪਹਿਲਾਂ ਹੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਿਲ ਕਲਾਂ ਵਿਖੇ ਮੁੱਖ ਮੰਤਰੀ ਨੂੰ ਸਵਾਲ ਕਰਨ ਆ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਫ਼ਲੇ ਨੂੰ ਬਰਨਾਲਾ ਦੇ ਤਰਕਸ਼ੀਲ ਚੌਂਕ ਨੇੜੇ ਘੇਰ ਲਿਆ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਖੇਤਾਂ ਵਿੱਚ ਪੁਲੀਸ ਘੇਰਦੀ ਦਿਖਾਈ ਦਿੱਤੀ। ਜਦਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਮਾਗਮ ਵਾਲੀ ਜਗ੍ਹਾ ’ਤੇ ਜਾਣ ਤੋਂ ਰੋਕੇ ਜਾਣ ਦੇ ਰੋਸ ਵਿੱਚ ਬਰਨਾਲਾ-ਲੁਧਿਆਣਾ ਸੜਕ ਜਾਮ ਕਰ ਦਿੱਤੀ। ਜਦਕਿ ਆਮ ਆਦਮੀ ਪਾਰਟੀ ਦੇ ਸਮਾਗਮ ਵਿੱਚ ਜਾ ਰਹੀਆਂ ਆਪ ਵਰਕਰਾਂ ਦੀਆਂ ਬੱਸਾਂ ਵੀ ਕਿਸਾਨਾਂ ਦੇ ਕਾਫ਼ਲੇ ਵਿਚ ਫਸ ਗਈਆਂ। ਇਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤਹਿਤ ਮੁੱਖ ਮੰਤਰੀ ਦਾ ਵਿਰੋਧ ਕਰਨ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕਾਫ਼ਲੇ ਨੂੰ ਵੀ ਪੁਲੀਸ ਵਲੋਂ ਰੋਕ ਲਿਆ ਗਿਆ।
ਸੂਬੇ ਭਰ ਵਿੱਚ ਮੁੱਖ ਮੰਤਰੀ ਵਲੋਂ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਦੇ ਸਮਾਗਮ ਨੂੰ ਮਹਿਲ ਕਲਾਂ ਵਿਖੇ ਸਭ ਤੋਂ ਵੱਡਾ ਵਿਰੋਧ ਦੇਖਣਾ ਪਿਆ ਹੈ। ਪੰਥਕ ਵਿਵਾਦ ਸਮੇਤ ਕਿਸਾਨਾਂ ਉਪਰ ਹੋਏ ਧੱਕੇ ਤੋਂ ਲੈ ਕੇ ਵੱਖ ਵੱਖ ਮਾਮਲਿਆਂ ਉਪਰ ਸਰਕਾਰ ਨੂੰ ਆਮ ਲੋਕ ਸਵਾਲ ਕਰਨ ਲੱਗੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਵਿਰੁੱਧ ਇਹ ਰੋਹ ਹੋਰ ਭਖਣ ਦੇ ਆਸਾਰ ਹਨ।




