ਮੁੰਬਈ ਦੇ ਚੈਂਬੂਰ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਇੱਕ ਨਿੱਜੀ ਸਕੂਲ ਦੀ ਬੱਸ ਉੱਪਰ ਇੱਕ ਵੱਡਾ ਦਰੱਖਤ ਡਿੱਗ ਗਿਆ। ਬੱਸ ਵਿੱਚ ਕੁੱਲ 12 ਵਿਦਿਆਰਥੀ ਸਵਾਰ ਸਨ। ਹਾਦਸੇ ਤੋਂ ਬਾਅਦ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 11 ਜ਼ਖ਼ਮੀ ਵਿਦਿਆਰਥੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਮਰਨ ਵਾਲੇ ਵਿਦਿਆਰਥੀ ਦੀ ਉਮਰ ਗਿਆਰਾਂ ਸਾਲ ਸੀ।
ਜਾਣਕਾਰੀ ਅਨੁਸਾਰ ਸਕੂਲ ਦੀ ਛੁੱਟੀ ਤੋਂ ਬਾਅਦ ਨਿੱਜੀ ਬੱਸ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਰੋਡ ਨੰਬਰ 11 ’ਤੇ ਸੜਕ ਕਿਨਾਰੇ ਖੜ੍ਹੇ ਵੱਡੇ ਦਰੱਖਤ ਦਾ ਵੱਡਾ ਟਾਹਣਾ ਅਚਾਨਕ ਬੱਸ ਦੀ ਛੱਤ ਉੱਪਰ ਆ ਡਿੱਗਿਆ। ਇਸ ਕਾਰਨ ਬੱਸ ਦਾ ਅਗਲਾ ਅਤੇ ਵਿਚਕਾਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਦੱਬ ਗਿਆ।
ਦਰੱਖਤ ਡਿੱਗਦੇ ਹੀ ਬੱਸ ਦੇ ਅੰਦਰ ਫਸੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ। ਸਥਾਨਕ ਲੋਕਾਂ, ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਚਲਾਇਆ ਅਤੇ ਜ਼ਖ਼ਮੀ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਬੱਸ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਦਰੱਖਤ ਨੂੰ ਮਸ਼ੀਨਾਂ ਅਤੇ ਕਟਰਾਂ ਦੀ ਮਦਦ ਨਾਲ ਕੱਟ ਕੇ ਹਟਾਉਣ ਦਾ ਕੰਮ ਜਾਰੀ ਹੈ।




