ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਦਿੱਗਜ ਆਗੂ ਬੂਟਾ ਸਿੰਘ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਿੱਤਰ ਆਇਆ ਹੈ।
ਬੂਟਾ ਸਿੰਘ ਦੇ ਸਪੁੱਤਰ ਸਰਬਜੋਤ ਸਿੰਘ ਨੇ ਆਪਣੀ ਪਤਨੀ ਦੇਵਆਨੀ ਸਿੰਘ ਅਤੇ ਭੈਣ ਗੁਰਕਿਰਤ ਕੌਰ ਸਮੇਤ ਮੋਰਿੰਡਾ ਵਿੱਚ ਚੰਨੀ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ (ਚੰਨੀ) ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ।
ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ ਪੀ ਸੀ ਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਵਿਰੁੱਧ ਕਥਿਤ ਤੌਰ ‘ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਅਦਾਲਤ ਵਿੱਚ ਰਾਜਾ ਵੜਿੰਗ ਖ਼ਿਲਾਫ਼ ਕੇਸ ਦਰਜ ਕਰ ਚੁੱਕੇ ਹਨ ਅਤੇ ਉਹ ਇਸ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਹ ਮਾਮਲਾ ਹਾਲ ਹੀ ਵਿੱਚ ਹੋਈ ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਰਾਜਾ ਵੜਿੰਗ ਵੱਲੋਂ ਕਥਿਤ ਤੌਰ ‘ਤੇ ਕੀਤੀਆਂ ਗਈਆਂ ਟਿੱਪਣੀਆਂ ਨਾਲ ਸਬੰਧਤ ਹੈ।
ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਨੇ ਕਿਹਾ ਕਿ ਪਰਿਵਾਰ ਚੰਨੀ ਨਾਲ ਆਪਣੀ ਇੱਕਜੁਟਤਾ ਅਤੇ ਸਮਰਥਨ ਪ੍ਰਗਟ ਕਰਨ ਆਇਆ ਹੈ, ਨਾਲ ਹੀ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ।
ਇਸ ਮੁਲਾਕਾਤ ਨੂੰ ਸਿਆਸੀ ਤੌਰ ‘ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਧ ਰਹੀ ਗੁੱਟਬਾਜ਼ੀ ਦਾ ਸਾਹਮਣਾ ਕਰ ਰਹੀ ਹੈ। ਚੰਨੀ ਪਾਰਟੀ ਦੇ ਉਨ੍ਹਾਂ ਆਗੂਆਂ ਅਤੇ ਵਰਕਰਾਂ ਦੇ ਇੱਕ ਹਿੱਸੇ ਲਈ ਕੇਂਦਰ ਬਿੰਦੂ ਬਣ ਕੇ ਉਭਰੇ ਹਨ ਜੋ ਮੌਜੂਦਾ ਸੂਬਾ ਲੀਡਰਸ਼ਿਪ ਤੋਂ ਅਸੰਤੁਸ਼ਟ ਹਨ। ਪਿਛਲੇ ਕਈ ਦਿਨਾਂ ਤੋਂ, ਉਨ੍ਹਾਂ ਦੀ ਮੋਰਿੰਡਾ ਰਿਹਾਇਸ਼ ‘ਤੇ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਦੀਆਂ ਕਈ ਸਿਆਸੀ ਮੀਟਿੰਗਾਂ ਹੋਈਆਂ ਹਨ, ਜੋ ਸੂਬਾ ਇਕਾਈ ਦੇ ਅੰਦਰ ਵਧ ਰਹੀ ਬੇਚੈਨੀ ਨੂੰ ਦਰਸਾਉਂਦੀਆਂ ਹਨ।






