ਇਰਾਨ ਦੇ ਦੱਖਣੀ ਹਿੱਸਿਆਂ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ। ਇਰਾਨ ਦੀ ਮੇਹਰ (Mehr) ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਧਮਾਕੇ ਬੁਸ਼ਹਿਰ (Bushehr), ਕੋਨਾਰਕ (Konarak) ਅਤੇ Choghadak ਸਮੇਤ ਕਈ ਹੋਰ ਇਲਾਕਿਆਂ ਵਿੱਚ ਸੁਣੇ ਗਏ ਹਨ। ਜ਼ਿਕਰਯੋਗ ਹੈ ਕਿ ਬੁਸ਼ਹਿਰ ਉਹ ਅਹਿਮ ਖੇਤਰ ਹੈ ਜਿੱਥੇ ਇਰਾਨ ਦੇ ਮੁੱਖ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਪਲਾਂਟ ਸਥਿਤ ਹੈ, ਜਿਸ ਕਾਰਨ ਇਨ੍ਹਾਂ ਧਮਾਕਿਆਂ ਮਗਰੋਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਇਨ੍ਹਾਂ ਧਮਾਕਿਆਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਧਿਕਾਰਤ ਤੌਰ ‘ਤੇ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਆਵਾਜ਼ਾਂ ਕਿਸੇ ਹਾਦਸੇ ਕਾਰਨ ਹੋਈਆਂ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਪੁਖ਼ਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਸਬੰਧਿਤ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀ ਚੌਕਸ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਇਰਾਨ ਦੇ ਮਿਲਟਰੀ ਟਿਕਾਣਿਆਂ ‘ਤੇ ਨਵੇਂ ਸਿਰੇ ਤੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਕੁਵੈਤ, ਬਹਿਰੀਨ ਅਤੇ ਕਤਰ ਵਿੱਚ ਮਿਜ਼ਾਈਲ ਅਲਰਟ ਦੇ ਸਾਇਰਨ ਗੂੰਜ ਉੱਠੇ, ਜਿਸ ਨਾਲ ਪੂਰੇ ਖਾੜੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਅਮਰੀਕੀ ਫੌਜ ਨੇ ਦੱਸਿਆ ਕਿ ਇਹ ਕਾਰਵਾਈ ਇਰਾਨ ਵੱਲੋਂ ਹੋਰਮੁਜ਼ ਜਲਮਾਰਗ (Strait of Hormuz) ਦੇ ਨੇੜੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਜਵਾਬ ਵਿੱਚ ਕੀਤੀ ਗਈ ਹੈ, ਜਿਸ ਨਾਲ ਖੇਤਰੀ ਜੰਗ ਮੁੜ ਭੜਕਣ ਦਾ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਇਰਾਨੀ ਮੀਡੀਆ ਨੇ ਵੀ ਬੁਸ਼ਹਿਰ ਸਮੇਤ ਕਈ ਸ਼ਹਿਰਾਂ ਵਿੱਚ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ।
ਇਸ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਖ਼ਤ ਰੁਖ ਅਪਣਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਇਰਾਨ ਵੱਲੋਂ ਸ਼ਿਪਿੰਗ ‘ਤੇ ਹਮਲੇ ਜਾਰੀ ਰਹੇ, ਤਾਂ ਅਮਰੀਕਾ ਹੋਰ ਵੀ ਸਖ਼ਤ ਕਾਰਵਾਈ ਕਰੇਗਾ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਇਆ ਅਸਥਾਈ ਜੰਗਬੰਦੀ ਸਮਝੌਤਾ ਹੁਣ ਖਤਮ ਹੋ ਚੁੱਕਾ ਹੈ। ਦੂਜੇ ਪਾਸੇ ਇਰਾਨੀ ਅਧਿਕਾਰੀਆਂ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਨਿੰਦਦਿਆਂ ਇਸ ਨੂੰ ਅਸਫਲਤਾ ਦਾ ਨਤੀਜਾ ਦੱਸਿਆ ਹੈ।
ਕੁਵੈਤ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਰਾਨ ਵੱਲੋਂ ਦਾਗੀਆਂ ਗਈਆਂ ਕਈ ਡਰੋਨ ਅਤੇ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ, ਜਿਸ ਨਾਲ ਫਿਲਹਾਲ ਕਿਸੇ ਵੱਡੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤਾਜ਼ਾ ਤਣਾਅ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ।






