ਤਰਨ ਤਾਰਨ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਇਲਾਕੇ ਦੇ ਪਿੰਡ ਨੌਰੰਗਾਬਾਦ ਵਿਖੇ ਤਿੰਨ ਹਥਿਆਰਬੰਦ ਲੁਟੇਰੇ ਮਾਂ-ਧੀ ਨੂੰ ਬੰਧਕ ਬਣਾ ਕੇ 20 ਲੱਖ ਰੁਪਏ ਦੇ ਕਰੀਬ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਐਸ.ਐਚ.ਓ. ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਮੌਕੇ ‘ਤੇ ਡੀ.ਐਸ.ਪੀ. ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਹੈ।
ਕਮਰੇ ਵਿੱਚ ਮੰਜੇ ਨਾਲ ਬੰਨ੍ਹਿਆ; ਮਾਸੂਮ ਬੱਚੀ ਨੂੰ ਵੀ ਕਮਰੇ ’ਚ ਡੱਕਿਆ
ਪੁਲੀਸ ਨੇ ਦੱਸਿਆ ਕਿ ਸਵੇਰੇ ਤੜਕਸਾਰ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੇ ਬਲਜਿੰਦਰ ਕੌਰ ਅਤੇ ਉਸ ਦੀ ਧੀ ਅਮੋਲਦੀਪ ਕੌਰ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਘਰ ਦੇ ਇੱਕ ਕਮਰੇ ਵਿੱਚ ਡੱਕ ਦਿੱਤਾ। ਲੁਟੇਰਿਆਂ ਨੇ ਔਰਤਾਂ ਨੂੰ ਘਰ ਦੇ ਇੱਕ ਕਮਰੇ ਵਿੱਚ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਖੁਦ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰਦੇ ਰਹੇ। ਉਨ੍ਹਾਂ ਨਾਲ ਪੰਜ ਸਾਲ ਦੀ ਅਮੋਲਦੀਪ ਕੌਰ ਦੀ ਲੜਕੀ ਨੂੰ ਵੀ ਬੰਦੀਆਂ ਕੋਲ ਛੱਡ ਦਿੱਤਾ ਗਿਆ। ਲੁਟੇਰੇ ਜਾਣ ਲੱਗਿਆਂ ਘਰੋਂ ਬੁਲਟ ਮੋਟਰਸਾਈਕਲ, ਗੈਸ ਸਿਲੰਡਰ ਅਤੇ ਡੀ.ਵੀ.ਆਰ. ਵੀ ਪੁੱਟ ਕੇ ਲੈ ਗਏ। ਆਸ-ਪਾਸ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਸਵੇਰ ਵੇਲੇ ਹੀ ਪਤਾ ਲੱਗਾ।
ਜ਼ਮੀਨ ਖਰੀਦਣ ਲਈ ਬੈਂਕ ‘ਚੋਂ ਕਢਵਾਏ ਸਨ ਪੈਸੇ; ਪੁਲੀਸ ਵੱਲੋਂ ਕੇਸ ਦਰਜ
ਪੁਲੀਸ ਨੇ ਅੱਗੇ ਦੱਸਿਆ ਕਿ ਮਾਂ-ਧੀ ਘਰ ਵਿੱਚ ਇਕੱਲੀਆਂ ਹੀ ਰਹਿੰਦੀਆਂ ਸਨ। ਬਲਜਿੰਦਰ ਕੌਰ ਅਤੇ ਉਸ ਦੀ ਧੀ ਅਮੋਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਕੁਝ ਹੀ ਦਿਨ ਪਹਿਲਾਂ ਆਪਣੇ ਪਿੰਡ ਵਿਖੇ ਜ਼ਮੀਨ ਖਰੀਦਣ ਲਈ 4 ਲੱਖ ਰੁਪਏ ਬੈਂਕ ਵਿੱਚੋਂ ਕਢਵਾ ਕੇ ਰੱਖੇ ਸਨ। ਲੁਟੇਰਿਆਂ ਵੱਲੋਂ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਗਈ ਅਤੇ ਉਹ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਲੈ ਗਏ। ਔਰਤਾਂ ਦੇ ਬਿਆਨਾਂ ‘ਤੇ ਪੁਲੀਸ ਨੇ ਲੋੜੀਂਦੀਆਂ ਧਾਰਾਵਾਂ ਅਧੀਨ ਇੱਕ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਘੋਖ ਕਰਨੀ ਸ਼ੁਰੂ ਕੀਤੀ ਹੈ।






