ਹਾੜ੍ਹ ਮਹੀਨਾ ਲੰਘਣ ਵਾਲਾ ਹੈ, ਪਰ ਮਾਲਵਾ ਪੱਟੀ ਦੇ ਵੱਡੇ ਹਿੱਸੇ ਨੂੰ ਹਾਲੇ ਵੀ ਚੰਗੀ ਮੌਨਸੂਨੀ ਵਰਖਾ ਦੀ ਉਡੀਕ ਹੈ। ਬਠਿੰਡਾ, ਮਾਨਸਾ, ਫ਼ਰੀਦਕੋਟ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸਮੇਤ ਕਈ ਇਲਾਕਿਆਂ ਵਿੱਚ ਲੋੜ ਅਨੁਸਾਰ ਮੀਂਹ ਨਾ ਪੈਣ ਕਾਰਨ ਝੋਨੇ ਦੀ ਫ਼ਸਲ ਦਾ ਆਸਰਾ ਟਿਊਬਵੈੱਲਾਂ ‘ਤੇ ਹੀ ਟਿਕਿਆ ਹੋਇਆ ਹੈ। ਇਸ ਕਾਰਨ ਕਿਸਾਨਾਂ ਦਾ ਖ਼ਰਚਾ ਵਧਣ ਦੇ ਨਾਲ-ਨਾਲ ਬਿਜਲੀ ਸੰਕਟ ਅਤੇ ਮੀਂਹ ਨਾ ਪੈਣ ਦੀ ਚਿੰਤਾ ਦਾ ਅਸਰ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ਼ ਦਿਖਾਈ ਦੇ ਰਿਹਾ ਹੈ।
ਪੰਜਾਬ ਵਿੱਚ ਇਸ ਸਾਲ ਕਰੀਬ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ। ਮਾਲਵਾ ਖੇਤਰ ਵਿੱਚ ਵਰਖਾ ਦੀ ਘਾਟ ਕਾਰਨ ਕਿਸਾਨਾਂ ਨੂੰ ਵਾਰ-ਵਾਰ ਸਿੰਚਾਈ ਕਰਨੀ ਪੈ ਰਹੀ ਹੈ, ਜਿਸ ਨਾਲ ਝੋਨੇ ਦੀ ਫ਼ਸਲ ਲਈ ਔੜ ਵਰਗੀ ਸਥਿਤੀ ਬਣੀ ਹੋਈ ਹੈ। ਤੇਜ਼ ਗਰਮੀ ਅਤੇ ਹੁੰਮਸ ਕਾਰਨ ਖੇਤਾਂ ਵਿੱਚ ਨਮੀ ਲੰਮੇ ਸਮੇਂ ਤੱਕ ਨਹੀਂ ਟਿਕ ਰਹੀ, ਜਿਸ ਕਾਰਨ ਪਾਣੀ ਦੀ ਮੰਗ ਲਗਾਤਾਰ ਵਧ ਰਹੀ ਹੈ।
ਵਧਦੀ ਸਿੰਚਾਈ ਦੀ ਲੋੜ ਦਾ ਅਸਰ ਬਿਜਲੀ ਪ੍ਰਬੰਧਾਂ ‘ਤੇ ਵੀ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾਵਰਕੌਮ ਵੱਲੋਂ ਖੇਤੀਬਾੜੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕਈ ਥਾਵਾਂ ‘ਤੇ ਇੱਕ ਤੋਂ ਡੇਢ ਘੰਟੇ ਤੱਕ ਦੇ ਕੱਟ ਲੱਗ ਰਹੇ ਹਨ। ਇਸ ਕਾਰਨ ਖੇਤਾਂ ਨੂੰ ਪਾਣੀ ਲਾਉਣ ਦਾ ਸਮਾਂ-ਸਾਰਣੀ (ਸ਼ਡਿਊਲ) ਵਿਗੜ ਰਿਹਾ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਲੋੜ ਅਨੁਸਾਰ ਵਰਖਾ ਨਾ ਹੋਈ ਤਾਂ ਝੋਨੇ ਦੀ ਫ਼ਸਲ ‘ਤੇ ਨਮੀ ਦੀ ਘਾਟ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸ ਵੇਲੇ ਸੂਬੇ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਫ਼ਸਲ ਸੋਕੇ ਵਰਗੇ ਹਾਲਾਤ ਦਾ ਸਾਹਮਣਾ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਨਜ਼ਰਾਂ ਹੁਣ ਚੜ੍ਹਦੇ ਸਾਉਣ ‘ਤੇ ਟਿਕੀਆਂ ਹੋਈਆਂ ਹਨ।
ਮੌਸਮ ਵਿਗਿਆਨੀ ਬਲਜਿੰਦਰ ਸਿੰਘ ਬੱਲ ਵੱਲੋਂ 19 ਤੋਂ 25 ਜੁਲਾਈ ਦਰਮਿਆਨ ਮੌਨਸੂਨ ਮੁੜ ਸਰਗਰਮ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਮੌਨਸੂਨ ਸਰਗਰਮ ਹੋ ਰਿਹਾ ਹੈ। ਇਸ ਸਮੇਂ ਦੌਰਾਨ ਪੰਜਾਬ ਦੇ ਬਹੁਤੇ ਇਲਾਕਿਆਂ, ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਚੰਗੀ ਵਰਖਾ ਹੋਣ ਦੀ ਸੰਭਾਵਨਾ ਹੈ। ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਝੋਨੇ ਦੀ ਫ਼ਸਲ ਨੂੰ ਵੱਡੀ ਰਾਹਤ ਮਿਲੇਗੀ, ਟਿਊਬਵੈੱਲਾਂ ‘ਤੇ ਨਿਰਭਰਤਾ ਘਟੇਗੀ ਅਤੇ ਬਿਜਲੀ ਦੀ ਵਧੀ ਹੋਈ ਮੰਗ ਵਿੱਚ ਵੀ ਕੁਝ ਕਮੀ ਆ ਸਕਦੀ ਹੈ।
ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਉਣ ਦੇ ਸ਼ੁਰੂਆਤੀ ਦਿਨਾਂ ਵਿੱਚ ਹੋਣ ਵਾਲੀ ਚੰਗੀ ਵਰਖਾ ਨਾ ਸਿਰਫ਼ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੋਵੇਗੀ, ਸਗੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਖੇਤੀ ਲਾਗਤ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ। ਇਸੇ ਉਮੀਦ ਨਾਲ ਮਾਲਵੇ ਦੇ ਕਿਸਾਨ ਹੁਣ ਸਾਉਣ ਦੀ ਪਹਿਲੀ ਭਰਵੀਂ ਵਰਖਾ ਦੀ ਉਡੀਕ ਕਰ ਰਹੇ ਹਨ।






