ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਦਲਬੀਰ ਸਿੰਘ ਕਾਲਾ ਜਵੰਦਾ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਬੁਢਲਾਡਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੁਰਮੀਤ ਸਿੰਘ ਮੀਤਾ ਦਾ ਪਿੰਡ ਦਾਤੇਵਾਸ ਵਿਖੇ ਪੁਲੀਸ ਨਾਲ ਮੁਕਾਬਲਾ ਹੋ ਗਿਆ। ਇਹ ਮੁਕਾਬਲਾ ਉਸ ਵੇਲੇ ਹੋਇਆ, ਜਦੋਂ ਪੁਲੀਸ ਉਸ ਵੱਲੋਂ ਉੱਥੇ ਲੁਕਾ ਕੇ ਰੱਖੇ ਹਥਿਆਰ ਬਰਾਮਦ ਕਰਵਾਉਣ ਲਈ ਉਸ ਨੂੰ ਪਿੰਡ ਦਾਤੇਵਾਸ ਵਿਖੇ ਲੈ ਕੇ ਗਈ ਸੀ।
ਡੀ ਐੱਸ ਪੀ ਸਿਕੰਦਰ ਸਿੰਘ ਚੀਮਾ ਅਨੁਸਾਰ, ਗੁਰਮੀਤ ਮੀਤਾ ਦੇ ਦੱਸਣ ਮੁਤਾਬਕ ਜਦੋਂ ਪੁਲੀਸ ਪਾਰਟੀ ਉਸ ਨੂੰ ਝਾੜੀਆਂ ਵਿੱਚ ਰੱਖਿਆ ਪਿਸਤੌਲ ਬਰਾਮਦ ਕਰਵਾਉਣ ਲਈ ਲੈ ਕੇ ਗਈ, ਤਾਂ ਉੱਥੇ ਉਸ ਨੇ ਪਿਸਤੌਲ ਚੁੱਕ ਕੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਵੀ ਫਾਇਰਿੰਗ ਕੀਤੀ ਅਤੇ ਇਸ ਦੌਰਾਨ ਮੀਤਾ ਦੀ ਲੱਤ ਵਿੱਚ ਗੋਲੀ ਲੱਗ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬਾਕੀ ਕਸੂਰਵਾਰਾਂ ਦਾ ਪਤਾ ਲਗਾ ਕੇ, ਉਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਕਾਲੀ ਆਗੂ ਕਾਲਾ ਜਵੰਦਾ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਗੁਰਮੀਤ ਸਿੰਘ ਮੀਤਾ ਵੀ ਇੱਕ ਹੈ।






