ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੂੰ ਨੀਟ (ਯੂਜੀ) 2024 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਵਿੱਚ ਸੰਜੀਵ ਕੁਮਾਰ ਉਰਫ਼ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ।
ਇੱਕ ਬਿਆਨ ਵਿੱਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ।
ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਬਿਹਾਰ ਪੁਲੀਸ ਦੇ ਆਰਥਿਕ ਅਪਰਾਧ ਵਿੰਗ (EOU) ਨੇ 5 ਮਈ, 2024 ਨੂੰ ਨੀਟ-ਯੂਜੀ 2024 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੌਰਾਨ ਬਿਹਾਰ ਪੁਲੀਸ ਨੂੰ ਪਤਾ ਲੱਗਾ ਕਿ ਮੁਖੀਆ ਪੇਪਰ ਲੀਕ ਵਿੱਚ ਸ਼ਾਮਲ ਹੋ ਸਕਦਾ ਹੈ। ਬਿਹਾਰ ਪੁਲੀਸ ਵੱਲੋਂ ਦਰਜ ਐੱਫ ਆਈ ਆਰ (FIR) ਵਿੱਚ ਉਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਮੁਖੀਆ ਕਾਫ਼ੀ ਸਮੇਂ ਤੱਕ ਫਰਾਰ ਰਿਹਾ। ਬਾਅਦ ਵਿੱਚ ਬਿਹਾਰ ਪੁਲੀਸ ਨੇ ਉਸ ਨੂੰ ਕੁਝ ਹੋਰ ਮਾਮਲਿਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ। ਕਿਉਂਕਿ ਉਹ ਨੀਟ-ਯੂਜੀ 2024 ਮਾਮਲੇ ਦੀ ਐੱਫ ਆਈ ਆਰ ਵਿੱਚ ਵੀ ਇੱਕ ਨਾਮਜ਼ਦ ਮੁਲਜ਼ਮ ਸੀ, ਇਸ ਲਈ ਸੀ ਬੀ ਆਈ ਨੇ ਨੀਟ-ਯੂਜੀ 2024 ਮਾਮਲੇ ਵਿੱਚ ਪੁੱਛਗਿੱਛ ਦੇ ਮਕਸਦ ਲਈ ਉਸ ਦਾ ਪੁਲੀਸ ਰਿਮਾਂਡ ਲਿਆ ਸੀ।
ਇਹ ਮਾਮਲਾ ਬਾਅਦ ਵਿੱਚ ਜਾਂਚ ਲਈ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ ਸੀ।
ਏਜੰਸੀ ਨੇ ਕਿਹਾ, “ਆਪਣੀ ਜਾਂਚ ਦੌਰਾਨ, ਸੀ ਬੀ ਆਈ ਨੇ ਨੀਟ (UG) 2024 ਦੇ ਪ੍ਰਸ਼ਨ ਪੱਤਰ ਦੀ ਚੋਰੀ ਅਤੇ ਅੱਗੇ ਵੰਡ ਮਾਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਪਛਾਣ ਕੀਤੀ ਹੈ, ਨਾਲ ਹੀ ਚੋਰੀ ਹੋਏ ਪੇਪਰ ਦਾ ਲਾਭ ਉਠਾਉਣ ਵਾਲੇ ਹਰੇਕ ਉਮੀਦਵਾਰ ਦੀ ਵੀ ਪਛਾਣ ਕੀਤੀ ਹੈ। ਸੀ ਬੀ ਆਈ ਵੱਲੋਂ ਪਟਨਾ ਦੀ ਅਧਿਕਾਰ ਖੇਤਰ ਵਾਲੀ ਅਦਾਲਤ ਵਿੱਚ 45 ਵਿਅਕਤੀਆਂ ਖ਼ਿਲਾਫ਼ ਕਈ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਗਈਆਂ ਹਨ। ਆਪਣੀ ਜਾਂਚ ਦੌਰਾਨ, ਸੀ ਬੀ ਆਈ ਨੂੰ ਇਸ ਮਾਮਲੇ ਵਿੱਚ ਸੰਜੀਵ ਕੁਮਾਰ ਉਰਫ਼ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਸਬੂਤ ਨਹੀਂ ਮਿਲਿਆ। ਮਾਮਲੇ ਦੀ ਵਿਸਥਾਰਪੂਰਵਕ ਅਤੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਸੀ ਬੀ ਆਈ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ।”
ਸੀ ਬੀ ਆਈ ਨੇ ਕਿਹਾ ਕਿ ਕਿਉਂਕਿ ਜਾਂਚ ਦੌਰਾਨ ਨੀਟ-ਯੂਜੀ 2024 ਮਾਮਲੇ ਵਿੱਚ ਉਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਉਸ ਨੇ ਇਸ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਅਤੇ ਇਸੇ ਕਰਕੇ ਉਸ ਨੂੰ ਨੀਟ-ਯੂਜੀ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ।
ਸੰਜੀਵ ਮੁਖੀਆ ਪਹਿਲਾਂ ਨਾਲੰਦਾ ਕਾਲਜ ਦੀ ਨੂਰਸਰਾਏ ਸ਼ਾਖਾ ਵਿੱਚ ਤਕਨੀਕੀ ਸਹਾਇਕ ਵਜੋਂ ਤਾਇਨਾਤ ਸੀ। ਉਹ ਪੇਪਰ ਲੀਕ ਦੀਆਂ ਕਈ ਘਟਨਾਵਾਂ ਨਾਲ ਜੁੜਿਆ ਰਿਹਾ ਹੈ, ਜਿਸ ਵਿੱਚ 2016 ਦੀ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਚਰਚਿਤ ਪੇਪਰ ਲੀਕ ਵੀ ਸ਼ਾਮਲ ਹੈ। ਉਹ ਰਣਜੀਤ ਡਾਨ ਉਰਫ਼ ਕੁਮਾਰ ਸੁਮਨ ਸਿੰਘ ਨਾਲ ਵੀ ਜੁੜਿਆ ਹੋਇਆ ਸੀ, ਜੋ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਦਾਖ਼ਲਾ ਘੁਟਾਲਿਆਂ ਲਈ ਬਦਨਾਮ ਸੀ। ਉਹ 2003 ਵਿੱਚ ਉਦੋਂ ਕੌਮੀ ਪੱਧਰ ‘ਤੇ ਚਰਚਾ ਵਿੱਚ ਆਇਆ ਸੀ ਜਦੋਂ ਉਸ ਨੂੰ ਸੀ ਬੀ ਆਈ ਨੇ ਕਾਮਨ ਐਡਮਿਸ਼ਨ ਟੈਸਟ (CAT) ਅਤੇ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।






