CJP Protest: ਦਿੱਲੀ ਪੁਲੀਸ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਰਾਜਧਾਨੀ ਵਿੱਚ ਸੀਜੇਪੀ (CJP) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲੀਸ ਲਾਠੀਚਾਰਜ ਵਿੱਚ ਇੱਕ ਮਹਿਲਾ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੁਲੀਸ ਨੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।
ਨੀਟ ਪੇਪਰ ਲੀਕ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਕਿਹਾ ਕਿ ਉਹ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨਾਲ ਚਰਚਾ ਕਰਨ ਲਈ ਤਿਆਰ ਹੈ, ਸਰਕਾਰ ਦੇ ਅੰਦਰੂਨੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਉਸ ਨੂੰ ਗੱਲਬਾਤ ਦਾ ਅਗਲਾ ਦੌਰ ਰੱਖਣ ਲਈ ਇੱਕ ਸੀਜੇਪੀ ਵੱਲੋਂ ਪੱਤਰ ਪ੍ਰਾਪਤ ਹੋਇਆ ਹੈ।ਇੱਕ ਸਰਕਾਰੀ ਸੂਤਰ ਨੇ ਦੱਸਿਆ ਕਿ ਅੱਜ ਸਵੇਰੇ ਸੀਜੇਪੀ ਵੱਲੋਂ ਗੱਲਬਾਤ ਕਰਨ ਲਈ ਇੱਕ ਪੱਤਰ ਪ੍ਰਾਪਤ ਹੋਇਆ ਸੀ ਅਤੇ ਇਸ ਬਾਰੇ ਹੋਰ ਵੇਰਵੇ ਸ਼ਾਮ ਤੱਕ ਸਾਂਝੇ ਕੀਤੇ ਜਾਣਗੇ। ਇਹ ਵਿਕਾਸ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਪਹਿਲਾਂ ਕਿਹਾ ਸੀ ਕਿ ਜੇ ਗੱਲਬਾਤ ਕਰਨੀ ਹੈ, ਤਾਂ ਸਰਕਾਰ ਨੂੰ ਉਨ੍ਹਾਂ ਕੋਲ ਆਉਣਾ ਪਵੇਗਾ।
ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਚਰਚਾ ਲਈ ਤਿਆਰ ਹੈ, ਸੂਤਰਾਂ ਨੇ ਇਹ ਦੱਸਦਿਆਂ ਕਿਹਾ ਕਿ “ਆਖ਼ਰਕਾਰ ਇਹ ਭਾਰਤ-ਪਾਕਿਸਤਾਨ ਦੀਆਂ ਗੱਲਬਾਤਾਂ ਨਹੀਂ ਹਨ ਕਿ ਇਸਦੇ ਲਈ ਕੋਈ ਨਿਰਪੱਖ ਜਗ੍ਹਾ ਚੁਣੀ ਜਾਵੇ।”
ਦਿੱਲੀ ਵਿੱਚ ਸੀਜੇਪੀ ਦੇ ਚੱਲ ਰਹੇ ਪ੍ਰਦਰਸ਼ਨਾਂ ਅਤੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਰੋਹ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਦੇ ਮੁੱਦੇ ‘ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਅਤੇ ਉਨ੍ਹਾਂ ਦਾ ਹਿੱਤ ਸਰਵਉੱਚ ਤਰਜੀਹ ਹੈ ਅਤੇ ਇਸ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਵੀਰਵਾਰ ਸਵੇਰੇ ਅਗਲੇ ਹੁਕਮਾਂ ਤੱਕ ਰਾਜੀਵ ਚੌਕ, ਸੈਂਟਰਲ ਸਕੱਤਰੇਤ, ਮੰਡੀ ਹਾਊਸ, ਆਈਟੀਓ ਅਤੇ ਖਾਨ ਮਾਰਕੀਟ ਸਮੇਤ 16 ਦਿੱਲੀ ਮੇਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਦਿੱਲੀ ਮੇਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਇਹ ਜਾਣਕਾਰੀ ਸਾਂਝੀ ਕੀਤੀ। ਜੰਤਰ-ਮੰਤਰ ਵਿਖੇ ਚੱਲ ਰਹੇ ਕਾਕਰੋਚ ਜੰਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਵਿੱਚ ਭੀੜ ਵਧਣ ਕਾਰਨ ਇਹ ਫੈਸਲਾ ਸਾਹਮਣੇ ਆਇਆ ਹੈ। ਹਾਲਾਂਕਿ, ਰਾਜੀਵ ਚੌਕ, ਮੰਡੀ ਹਾਊਸ ਅਤੇ ਸੈਂਟਰਲ ਸਕੱਤਰੇਤ ਮੇਟਰੋ ਸਟੇਸ਼ਨਾਂ ‘ਤੇ ਇੰਟਰਚੇਂਜ ਦੀ ਸਹੂਲਤ ਉਪਲਬਧ ਰਹੇਗੀ। ਡੀਐਮਆਰਸੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਲੋਕ ਕਲਿਆਣ ਮਾਰਗ, ਰਾਜੀਵ ਚੌਕ, ਪਟੇਲ ਚੌਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਭਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸਕੱਤਰੇਤ, ਆਈਟੀਓ, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜੋਰ ਬਾਗ ਅਤੇ ਸ਼ਿਵਾਜੀ ਸਟੇਡੀਅਮ ਮੇਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।”
ਇਸ ਤੋਂ ਪਹਿਲਾ ਦਿੱਲੀ ਦੇ ਜੰਤਰ-ਮੰਤਰ ’ਤੇ ਬੁੱਧਵਾਰ ਰਾਤ ਵੇਲੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਤਕਰਾਰ ਹੋ ਗਈ। ਪੁਲੀਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨ ਦੌਰਾਨ CJP ਪ੍ਰਦਰਸ਼ਨਕਾਰੀਆਂ ਨੇ ਪੁਲੀਸ ‘ਤੇ ਪਥਰਾਅ ਕੀਤਾ ਜਿਸ ਦੇ ਜਵਾਬ ਵਿੱਚ ਪੁਲੀਸ ਨੂੰ ਹੰਝੂ ਗੈਸ ਦੇ ਗੋਲੇ ਦਾਗਣੇ ਪਏ। ਇਸ ਘਟਨਾ ਨਾਲ ਜੁੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਪੁਲੀਸ ਪ੍ਰਦਰਸ਼ਨਕਾਰੀਆਂ ’ਤੇ ਲਾਠੀਆਂ ਵਰ੍ਹਾਉਂਦੀ ਨਜ਼ਰ ਆ ਰਹੀ ਹੈ। ਕਈ ਵੀਡੀਓਜ਼ ਵਿਚ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਲਾਠੀਆਂ ਦਿਖਾਈ ਦੇ ਰਹੀਆਂ ਹਨ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ 20 ਜੁਲਾਈ ਨੂੰ ਵੀ CJP ਦੇ ਸੰਸਦ ਮਾਰਚ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਕਰਾਰ ਹੋਈ ਸੀ। ਉਸ ਸਮੇਂ ਪ੍ਰਦਰਸ਼ਨਕਾਰੀ ਸੰਸਦ ਦੇ ਮੁੱਖ ਗੇਟ ਦੇ ਬਹੁਤ ਨੇੜੇ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ।
ਪੁਲੀਸ ਅਨੁਸਾਰ ਬੁੱਧਵਾਰ ਦੇਰ ਸ਼ਾਮ ਵੇਲੇ ਜੰਤਰ-ਮੰਤਰ ਨੇੜੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਪੱਥਰਬਾਜ਼ੀ ਦੀ ਘਟਨਾ ਵਿੱਚ ਘੱਟੋ-ਘੱਟ ਦੋ ਸਹਾਇਕ ਪੁਲੀਸ ਕਮਿਸ਼ਨਰ (ਏ.ਸੀ.ਪੀ.) ਅਤੇ ਚਾਰ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਪੁਲੀਸ ਸਰੋਤਾਂ ਨੇ ਦੱਸਿਆ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਕਈ ਸਮਾਜ ਵਿਰੋਧੀ ਅਨਸਰ ਦਾਖਲ ਹੋ ਗਏ ਹਨ ਜਿਨ੍ਹਾਂ ਨੇ ਪੁਲੀਸ ਕਰਮਚਾਰੀਆਂ ‘ਤੇ ਪੱਥਰਬਾਜ਼ੀ ਕੀਤੀ। ਜ਼ਖ਼ਮੀ ਹੋਏ ਪੁਲੀਸ ਕਰਮਚਾਰੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਸਰੋਤਾਂ ਅਨੁਸਾਰ ਸਾਰੇ ਪੁਲੀਸ ਅਧਿਕਾਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।





