ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਆਸੀਆਨ ਸੰਮੇਲਨ ਦੌਰਾਨ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ। ਰੂਬੀਓ ਨੇ ਮੀਟਿੰਗ ਦੌਰਾਨ ਯੂਕਰੇਨ ਜੰਗ ਖ਼ਤਮ ਕਰਨ ਬਾਰੇ ਅਮਰੀਕਾ ਵੱਲੋਂ ਮੁੜ ਕੋਸ਼ਿਸ਼ਾਂ ਕੀਤੇ ਜਾਣ ਦੀ ਸੰਭਾਵਨਾ ਬਾਰੇ ਚਰਚਾ ਕੀਤੀ।
ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਮਰੀਕਾ-ਰੂਸ ਸਬੰਧਾਂ ਬਾਰੇ ਵੀ ਚਰਚਾ ਕੀਤੀ। ਉਸ ਨੇ ਕਿਹਾ ਕਿ ਅਮਰੀਕਾ, ਯੂਕਰੇਨ ਜੰਗ ਖ਼ਤਮ ਕਰਨ ਲਈ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਲਾਵਰੋਵ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਅਤੇ ਯੂਰੋਪੀਅਨ ਮੁਲਕਾਂ ਦੀਆਂ ਨੀਤੀਆਂ ’ਤੇ ਵਿਰੋਧ ਜਤਾਇਆ। ਰੂਸ ਨੇ ਪਿਛਲੇ ਸਾਲ ਅਲਾਸਕਾ ’ਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਹੋਏ ਸਮਝੌਤਿਆਂ ’ਤੇ ਵਚਨਬੱਧਤਾ ਦੁਹਰਾਈ। ਦੋਵੇਂ ਆਗੂਆਂ ਨੇ ਫ਼ਾਰਸ ਦੀ ਖਾੜੀ ਦੇ ਹਾਲਾਤ, ਨਾਸਾ ਤੇ ਰੋਸਕੋਸਮੋਸ ਵਿਚਕਾਰ ਸਹਿਯੋਗ ਅਤੇ ਸਫ਼ਾਰਤਖ਼ਾਨਿਆਂ ਦੇ ਕੰਮਕਾਜ ਬਾਰੇ ਵੀ ਗੱਲਬਾਤ ਕੀਤੀ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਮੱਧ ਪੂਰਬ ’ਚ ਇਰਾਨ ਅਤੇ ਅਮਰੀਕਾ ਵਿਚਕਾਰ ਵਧ ਰਹੇ ਤਣਾਅ ਕਾਰਨ ਯੂਕਰੇਨ ਮੁੱਦੇ ’ਤੇ ਗੱਲਬਾਤ ਕੁਝ ਠੰਢੀ ਪੈ ਗਈ ਸੀ। ਯੂਕਰੇਨ ’ਚ ਵੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵੱਲੋਂ ਫ਼ੌਜੀ ਅਤੇ ਸਰਕਾਰੀ ਪੱਧਰ ’ਤੇ ਵੱਡੇ ਫੇਰਬਦਲ ਕੀਤੇ ਗਏ ਹਨ।
ਇਸ ਦੌਰਾਨ ਆਸੀਆਨ ਸੰਮੇਲਨ ’ਚ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਛਾਇਆ ਰਿਹਾ। ਆਸਟਰੇਲਿਆਈ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਚੀਨ ਵੱਲੋਂ ਪਰਮਾਣੂ ਪਣਡੁੱਬੀ ਤੋਂ ਮਿਜ਼ਾਈਲ ਪ੍ਰੀਖਣ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਸਥਿਰਤਾ ਫੈਲਾਉਣ ਵਾਲੀ ਕਾਰਵਾਈ ਦੱਸਿਆ। ਹਾਲਾਂਕਿ ਚੀਨ ਨੇ ਆਪਣੇ ਬਚਾਅ ’ਚ ਕਿਹਾ ਕਿ ਇਹ ਉਸ ਦੀ ਸਾਲਾਨਾ ਫ਼ੌਜੀ ਮਸ਼ਕ ਦਾ ਹਿੱਸਾ ਸੀ ਅਤੇ ਇਸ ਦੀ ਅਗਾਊਂ ਸੂਚਨਾ ਦਿੱਤੀ ਗਈ ਸੀ।






