ਉੱਤਰੀ ਰੇਲਵੇ, ਜੰਮੂ ਡਿਵੀਜ਼ਨ ਨੇ ਲਗਾਤਾਰ ਪੈ ਰਹੇ ਮੀਂਹ ਕਾਰਨ 21 ਜੁਲਾਈ ਨੂੰ ਪਠਾਨਕੋਟ-ਜੋਗਿੰਦਰਨਗਰ ਸੈਕਸ਼ਨ ‘ਤੇ ਨੈਰੋ ਗੇਜ ਰੇਲ ਸੇਵਾਵਾਂ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਸਨ, ਪਰ ਇਸ ਨੂੰ ਹੁਣ ਦਸ ਦਿਨਾਂ ਬਾਅਦ ਸ਼ੁੱਕਰਵਾਰ ਨੂੰ ਸੇਵਾ ਬਹਾਲ ਕੀਤਾ ਗਿਆ ਹੈ। ਉੱਤਰੀ ਰੇਲਵੇ ਜੰਮੂ ਡਿਵੀਜ਼ਨ ਦੁਆਰਾ ਜਾਰੀ ਜਾਣਕਾਰੀ ਅਨੁਸਾਰ ਪਠਾਨਕੋਟ ਅਤੇ ਬੈਜਨਾਥ ਪਪਰੋਲਾ ਵਿਚਕਾਰ ਚੱਲਣ ਵਾਲੇ ਯਾਤਰੀ ਰੇਲਗੱਡੀਆਂ ਦੇ ਦੋ ਜੋੜਿਆਂ ਨੇ 31 ਜੁਲਾਈ ਨੂੰ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਰੇਲ ਗੱਡੀਆਂ ਨੂੰ ਇਸ ਤੋਂ ਪਹਿਲਾਂ ਲਗਪਗ ਚਾਰ ਸਾਲ ਮੁਅੱਤਲ ਰਹਿਣ ਤੋਂ ਬਾਅਦ 2 ਜੂਨ ਨੂੰ ਬਹਾਲ ਕੀਤਾ ਗਿਆ ਸੀ।
ਪਠਾਨਕੋਟ-ਜੋਗਿੰਦਰਨਗਰ ਸੈਕਸ਼ਨ ‘ਤੇ ਰੇਲ ਸੇਵਾਵਾਂ ਅਗਸਤ 2022 ਵਿੱਚ ਨੂਰਪੁਰ ਦੇ ਕੰਧਵਾਲ ਵਿਖੇ ਪੁਰਾਣੇ ਅੰਤਰ-ਰਾਜੀ ਚੱਕੀ ਰੇਲਵੇ ਪੁਲ ਦੇ ਰੁੜ੍ਹ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਰੁਕਾਵਟ ਤੋਂ ਪਹਿਲਾਂ ਇਸ ਰੂਟ ‘ਤੇ ਯਾਤਰੀ ਰੇਲਗੱਡੀਆਂ ਦੇ ਸੱਤ ਜੋੜੇ ਚੱਲਦੇ ਸਨ। ਹਾਲਾਂਕਿ, ਪੁਲ ਦੇ ਮੁੜ ਨਿਰਮਾਣ ਅਤੇ ਨਿਰੰਤਰ ਜਨਤਕ ਮੰਗ ਅਤੇ ਪ੍ਰਦਰਸ਼ਨਾਂ ਤੋਂ ਬਾਅਦ, ਉੱਤਰੀ ਰੇਲਵੇ ਨੇ ਸਿਰਫ਼ ਦੋ ਜੋੜੇ ਰੇਲਗੱਡੀਆਂ ਹੀ ਬਹਾਲ ਕੀਤੀਆਂ ਹਨ।






