Lovepreet Singh Returns: ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਲ ਸਚੰਦਰ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਦਾ ਅੱਜ ਵਾਪਸ ਪਰਤਣ ’ਤੇ ਹਵਾਈ ਅੱਡੇ ’ਤੇ ਸਵਾਗਤ ਕੀਤਾ ਗਿਆ।
ਲਵਪ੍ਰੀਤ ਸਿੰਘ ਨੇ 110+ ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨੈਚ ਵਿੱਚ 176 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 212 ਕਿਲੋਗ੍ਰਾਮ ਅਤੇ ਕੁੱਲ 388 ਕਿਲੋਗ੍ਰਾਮ ਭਾਰ ਚੁੱਕ ਕੇ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ।
ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਿਤਾ ਕ੍ਰਿਪਾਲ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨੇ ਬਚਪਨ ਵਿੱਚ ਵੀ ਮਿਹਨਤ ਕਰਦਿਆਂ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਕੀਤਾ ਪਰ ਆਪਣੀ ਲਗਨ ਅਤੇ ਮਿਹਨਤ ਸਦਕਾ ਉਸ ਨੇ ਅੱਜ ਦੇਸ਼ ਅਤੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
ਚਾਂਦੀ ਦਾ ਤਗਮਾ ਜਿੱਤਣ ਉਪਰੰਤ ਅੰਮ੍ਰਿਤਸਰ ਪਹੁੰਚਣ ’ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਲਵਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਉਸ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਉਸ ਦੇ ਪ੍ਰਸ਼ੰਸਕ ਵੀ ਮੌਜੂਦ ਸਨ, ਜਿਨ੍ਹਾਂ ਨੇ ਉਸ ਦਾ ਉਤਸ਼ਾਹ ਵਧਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਲਵਪ੍ਰੀਤ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਅੰਮ੍ਰਿਤਸਰ ਦਾ ਮਾਣ ਹੈ, ਜਿਸ ਨੇ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਸ ਦੀ ਮਿਹਨਤ, ਸੰਘਰਸ਼ ਅਤੇ ਸਫਲਤਾ ਹੋਰ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਸੂਬੇ ਦੇ ਹੋਰ ਖਿਡਾਰੀਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਕਮਾਉਣ ਲਈ ਪ੍ਰੇਰਿਤ ਕਰਦੀਆਂ ਹਨ।






