ਅਸਾਮ ਦੇ ਨਾਗਾਓਂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੀ.ਆਰ.ਪੀ.ਐੱਫ. ਦੇ ਇੱਕ ਅਧਿਕਾਰੀ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇੱਕ ਹੋਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ ਹੈ।
ਨਾਗਾਓਂ ਦੀ ਉਪ ਪੁਲੀਸ ਕਮਸ਼ਨਰ (ਹੈੱਡਕੁਆਰਟਰ) ਪਾਰਮਿਤਾ ਸਰਕਾਰ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਇਹ ਘਟਨਾ ਕਾਟੀਮਾਰੀ ਵਿਖੇ 34 ਬਟਾਲੀਅਨ ਕੈਂਪ ਵਿੱਚ ਸਵੇਰੇ ਕਰੀਬ 7 ਵਜੇ ਵਾਪਰੀ, ਜਦੋਂ ਮੁੱਖ ਗੇਟ ‘ਤੇ ਡਿਉੂਟੀ ਕਰ ਰਹੇ ਏ.ਐੱਸ.ਆਈ./ਜੀ.ਡੀ. ਬੱਲਾਨੀ ਪ੍ਰੇਮਾਬਾਰਮ ਨੇ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਤੋਂ ਬਾਅਦ ਏ.ਐੱਸ.ਆਈ. ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਦੋ ਜਣਿਆਂ ਦੀ ਮੌਕੇ ‘ਤੇ ਮੌਤ ਅਤੇ ਇੱਕ ਜ਼ਖ਼ਮੀ
ਸਰਕਾਰ ਨੇ ਦੱਸਿਆ, “ਦੋ ਜਵਾਨਾਂ, ਹੈੱਡ ਕਾਂਸਟੇਬਲ/ਜੀ.ਡੀ. ਵਿਸ਼ਨੂੰ ਪ੍ਰਸਾਦ ਬਘੇਲ ਅਤੇ ਸਬ-ਇੰਸਪੈਕਟਰ/ਜੀ.ਡੀ. ਰਾਮਨਵਾਲ ਸਿੰਘ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ।” ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸੀ.ਆਰ.ਪੀ.ਐੱਫ. ਦਾ ਇੱਕ ਹੋਰ ਜਵਾਨ ਏ.ਐੱਸ.ਆਈ./ਮਾਨੇ ਗੋਵਿੰਦ ਸ਼੍ਰੀਪੁਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਬਾਅਦ ਵਿੱਚ ਜ਼ਖ਼ਮੀ ਜਵਾਨ ਨੂੰ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸੀ.ਆਰ.ਪੀ.ਐੱਫ. ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਤੁਰੰਤ ਕੈਂਪ ਵਿੱਚ ਪਹੁੰਚੇ ਅਤੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਪੂਰਾ ਘਟਨਾਕ੍ਰਮ
ਘਟਨਾ ਬਾਰੇ ਵਿਸਥਾਰ ਨਾਲ ਦੱਸਦਿਆਂ ਨਾਗਾਓਂ ਦੇ ਸੀਨੀਅਰ ਪੁਲੀਸ ਕਮਿਸ਼ਨਰ ਪਾਰਥ ਪ੍ਰੋਤਿਮ ਦਾਸ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਏ.ਐੱਸ.ਆਈ. ਪ੍ਰੇਮਾਬਾਰਮ ਨੂੰ ਅੱਜ ਸਵੇਰੇ ਸੀ.ਆਰ.ਪੀ.ਐੱਫ. ਕੈਂਪ ਦੇ ਮੁੱਖ ਗੇਟ ‘ਤੇ ਡਿਊਟੀ ਦੌਰਾਨ ਉਸ ਦਾ ਨਿਰਧਾਰਤ ਹਥਿਆਰ ਨਹੀਂ ਮਿਲਿਆ ਸੀ। ਦਾਸ ਨੇ ਪੀ.ਟੀ.ਆਈ. ਨੂੰ ਦੱਸਿਆ, “ਉਸ ਨੇ ਇਸ ਤੋਂ ਬਾਅਦ ਗਾਰਡ ਰੂਮ ਤੋਂ ਇੱਕ ਇਨਸਾਸ ਰਾਈਫਲ ਲਈ ਅਤੇ ਕੁਆਰਟਰ ਗਾਰਡ ਦੇ ਪਿਛਲੇ ਹਿੱਸੇ ਵੱਲ ਗਿਆ, ਜਿੱਥੇ ਉਸ ਨੇ ਬਘੇਲ ‘ਤੇ ਗੋਲੀ ਚਲਾ ਦਿੱਤੀ, ਜਿਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।”
ਬੈਰਕ ਵਿੱਚ ਜਾ ਕੇ ਕੀਤੀ ਖ਼ੁਦਕੁਸ਼ੀ
ਅਸਾਮ ਪੁਲੀਸ ਦੇ ਐੱਸ.ਐੱਸ.ਪੀ. ਨੇ ਦੱਸਿਆ ਕਿ ਪ੍ਰੇਮਾਬਾਰਮ ਨੇ ਫਿਰ ਯਾਦਵ ਨੂੰ ਗੋਲੀ ਮਾਰ ਦਿੱਤੀ, ਜੋ ਲਖਨਊ ਤੋਂ ਦਸਤਾਵੇਜ਼ ਤਸਦੀਕ (ਵੈਰੀਫਿਕੇਸ਼ਨ) ਲਈ ਆਇਆ ਸੀ ਅਤੇ ਇਸ ਅਧਿਕਾਰੀ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਦਾਸ ਨੇ ਕਿਹਾ, “ਏ.ਐੱਸ.ਆਈ. ਨੇ ਸ਼੍ਰੀਪੁਲ ‘ਤੇ ਵੀ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਗੋਲੀਬਾਰੀ ਕਰਨ ਤੋਂ ਬਾਅਦ, ਪ੍ਰੇਮਾਬਾਰਮ ਬੀ/171 ਬੈਰਕ ਵਿੱਚ ਦਾਖ਼ਲ ਹੋਇਆ ਅਤੇ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ।” ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਸੀ.ਆਰ.ਪੀ.ਐੱਫ. ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।






