ਕੌਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਬੁੱਧਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸੀਜੀਪੀ ਫਿਲਹਾਲ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰੇਗੀ, ਕਿਉਂਕਿ ਇਸ ਵੇਲੇ ਭਾਰਤ ਨੂੰ ਇਸੇ ਦੀ ਸਭ ਤੋਂ ਵੱਧ ਲੋੜ ਹੈ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਸੀਜੀਪੀ ਦੀ ਕੋਰ ਟੀਮ ਦੀ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਇਸ ਬੈਠਕ ਵਿੱਚ ਮੀਡੀਆ ਅਤੇ ਨਿਆਂਪਾਲਿਕਾ ਵਰਗੀਆਂ ਸੰਸਥਾਵਾਂ ਵਿੱਚ ਲੋਕਾਂ ਦੇ ਘਟਦੇ ਭਰੋਸੇ ’ਤੇ ਗੰਭੀਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈਥਾਨੌਲ-ਮਿਸ਼ਰਤ ਬਾਲਣ ਅਤੇ ਵਧਦੀ ਬੇਰੋਜ਼ਗਾਰੀ ਵਰਗੇ ਅਹਿਮ ਮੁੱਦੇ ਵੀ ਚੁੱਕੇ ਜਾਣਗੇ।
ਸੀਜੀਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਸੋਨਮ ਵਾਂਗਚੁਕ ਪਾਰਟੀ ਦੇ ਮਾਰਗਦਰਸ਼ਕ ਵਜੋਂ ਬਣੇ ਰਹਿਣਗੇ ਅਤੇ ਉਹ ਸਮੇਂ-ਸਮੇਂ ’ਤੇ ਉਨ੍ਹਾਂ ਤੋਂ ਸਲਾਹ ਲੈਂਦੇ ਰਹਿਣਗੇ। ਦਾਸ ਨੇ ਅੱਗੇ ਕਿਹਾ ਕਿ ਨੀਟ-ਯੂਜੀ (NEET-UG) ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਹੋਈਆਂ ਘਪਲੇਬਾਜ਼ੀ ਵਿਰੁੱਧ ਹਾਲ ਹੀ ਵਿੱਚ ਸੀਜੀਪੀ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਐੱਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਚੱਲ ਰਹੀ ਹੈ। ਪਾਰਟੀ ਦੇਸ਼ ਭਰ ਵਿੱਚ ਜ਼ਖ਼ਮੀ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਭੀਜੀਤ ਦੀਪਕੇ ਜੂਨ ਮਹੀਨੇ ਅਮਰੀਕਾ ਤੋਂ ਭਾਰਤ ਪਰਤੇ ਸਨ ਅਤੇ ਉਨ੍ਹਾਂ ਨੇ ਨੀਟ ਪੇਪਰ ਲੀਕ ਵਿਰੁੱਧ ਦਿੱਲੀ ’ਚ ਦੇਸ਼ ਭਰ ਦੇ ਯੂਥ ਨੂੰ ਲਾਮਬੰਦ ਕੀਤਾ ਸੀ। ਇਸ ਅੰਦੋਲਨ ਕਾਰਨ ਪਿਛਲੇ ਹਫ਼ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣਾ ਪਿਆ ਸੀ।






