ਸ੍ਰੀਲੰਕਾ ਦੀਆਂ ਦੋ ਜੇਲ੍ਹਾਂ ਵਿੱਚ ਕੈਦੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਦੌਰਾਨ ਹਿੰਸਾ ਹੋਈ ਜਿਸ ਵਿਚ ਤਿੰਨ ਕੈਦੀਆਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੀਆਂ ਜੇਲ੍ਹਾਂ ਵਿੱਚ ਸਮਰੱਥਾ ਤੋਂ ਕਈ ਗੁਣਾ ਵੱਧ ਕੈਦੀ ਹੋਣ ਕਾਰਨ ਹਿੰਸਾ ਹੋਈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਿੱਤੀ।
ਕੇਂਦਰੀ ਮੰਤਰੀ ਆਨੰਦਾ ਵਿਜੇਪਾਲਾ ਨੇ ਸੰਸਦ ਵਿੱਚ ਦੱਸਿਆ ਕਿ ਕੋਲੰਬੋ ਦੀ ਨਿਊ ਮੈਗਜ਼ੀਨ ਜੇਲ੍ਹ ਵਿੱਚ ਵੀਰਵਾਰ ਦੇਰ ਰਾਤ ਸ਼ੁਰੂ ਹੋਏ ਦੰਗੇ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋਏ। ਇਸੇ ਦੌਰਾਨ ਰਾਜਧਾਨੀ ਤੋਂ ਕਰੀਬ 80 ਕਿਲੋਮੀਟਰ ਦੂਰ ਕੁਰੁਵਿਤਾ ਜੇਲ੍ਹ ਵਿੱਚ ਹੋਏ ਦੂਜੇ ਦੰਗੇ ਵਿੱਚ ਦੋ ਕੈਦੀਆਂ ਦੀ ਮੌਤ ਹੋਈ ਅਤੇ 14 ਹੋਰ ਜ਼ਖ਼ਮੀ ਹੋ ਗਏ।
ਵਿਜੇਪਾਲਾ ਨੇ ਦੱਸਿਆ ਕਿ ਪੁਲੀਸ ਅਤੇ ਵਿਸ਼ੇਸ਼ ਸੁਰੱਖਿਆ ਦਸਤਿਆਂ ਨੇ ਦੋਵੇਂ ਜੇਲ੍ਹਾਂ ਵਿੱਚ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ। ਇਸ ਤੋਂ ਇਲਾਵਾ ਕੋਲੰਬੋ ਤੋਂ ਲਗਪਗ 40 ਕਿਲੋਮੀਟਰ ਦੂਰ ਨੇਗੋਂਬੋ ਦੀ ਇੱਕ ਖੁੱਲ੍ਹੀ ਜੇਲ੍ਹ ਵਿੱਚ ਵੀ ਕੈਦੀਆਂ ਨੇ ਪ੍ਰਦਰਸ਼ਨ ਕੀਤਾ, ਜਿਸ ਨੂੰ ਕਾਬੂ ਕਰਨ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਉੱਥੇ ਵੀ ਹਾਲਾਤ ਆਮ ਕਰ ਦਿੱਤੇ ਗਏ।
ਮੰਤਰੀ ਨੇ ਦੱਸਿਆ ਕਿ ਤਿੰਨਾਂ ਜੇਲ੍ਹਾਂ ਵਿੱਚ ਭਾਰੀ ਗਿਣਤੀ ਵਿੱਚ ਪੁਲੀਸ ਅਤੇ ਦੰਗਾ-ਰੋਕੂ ਦਸਤੇ ਤਾਇਨਾਤ ਕੀਤੇ ਗਏ। ਜਿਹੜੇ ਕੈਦੀ ਜੇਲ੍ਹ ਦੀਆਂ ਛੱਤਾਂ ਉੱਤੇ ਚੜ੍ਹ ਗਏ ਸਨ ਜਾਂ ਖੁੱਲ੍ਹੀਆਂ ਥਾਵਾਂ ਵੱਲ ਚਲੇ ਗਏ ਸਨ, ਉਨ੍ਹਾਂ ਨੂੰ ਮੁੜ ਉਨ੍ਹਾਂ ਦੀਆਂ ਬੈਰਕਾਂ ਵਿੱਚ ਭੇਜ ਦਿੱਤਾ ਗਿਆ।
ਸ੍ਰੀਲੰਕਾ ਦੀਆਂ 22 ਜੇਲ੍ਹਾਂ ਲਗਪਗ 11 ਹਜ਼ਾਰ ਕੈਦੀਆਂ ਦੀ ਸਮਰੱਥਾ ਲਈ ਬਣਾਈਆਂ ਗਈਆਂ ਸਨ ਪਰ ਇਸ ਵੇਲੇ ਉਨ੍ਹਾਂ ਵਿੱਚ 41 ਹਜ਼ਾਰ ਤੋਂ ਵੱਧ ਕੈਦੀ ਬੰਦ ਹਨ। ਇਨ੍ਹਾਂ ਵਿੱਚੋਂ ਤਿੰਨ-ਚੌਥਾਈ ਤੋਂ ਵੀ ਵੱਧ ਉਹ ਕੈਦੀ ਹਨ ਜਿਨ੍ਹਾਂ ਦੇ ਮੁਕੱਦਮਿਆਂ ਦਾ ਅਜੇ ਫ਼ੈਸਲਾ ਨਹੀਂ ਹੋਇਆ ਅਤੇ ਉਹ ਸੁਣਵਾਈ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਨਸ਼ਿਆਂ ਨਾਲ ਜੁੜੇ ਮਾਮਲਿਆਂ ਦੇ ਦੋਸ਼ੀਆਂ ਦੀ ਹੈ।
ਵਿਜੇਪਾਲਾ ਨੇ ਸੰਸਦ ਮੈਂਬਰਾਂ ਨੂੰ ਕਿਹਾ, “ਅਸੀਂ ਹੁਣ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ ਅਤੇ ਸੁਰੱਖਿਆ ਨੂੰ ਲੈ ਕੇ ਇਸ ਸਮੇਂ ਕੋਈ ਚਿੰਤਾ ਨਹੀਂ ਹੈ। ਪਰ ਜਦੋਂ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਇਨ੍ਹਾਂ ਦੇ ਪਿੱਛੇ ਕੋਈ ਯੋਜਨਾਬੱਧ ਸਾਜ਼ਿਸ਼ ਅਤੇ ਤੋੜ-ਫੋੜ ਦੀ ਕੋਸ਼ਿਸ਼ ਹੋ ਸਕਦੀ ਹੈ। ਹਾਲਾਂਕਿ ਇਸ ਬਾਰੇ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਪੱਕਾ ਕਿਹਾ ਜਾ ਸਕੇਗਾ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ ਦੀ ਸ਼ੁਰੂਆਤ ਵਿੱਚ ਨੇਗੋਂਬੋ ਦੇ ਸਮੁੰਦਰੀ ਇਲਾਕੇ ਦੀ ਇੱਕ ਜੇਲ੍ਹ ਵਿੱਚ ਦੋ ਦਿਨ ਤੱਕ ਚੱਲੀ ਹਿੰਸਾ ਦੌਰਾਨ 10 ਜੇਲ੍ਹ ਅਧਿਕਾਰੀਆਂ ਅਤੇ 20 ਕੈਦੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪਿਛਲੇ ਹਫ਼ਤੇ ਕੋਲੰਬੋ ਤੋਂ ਕਰੀਬ 14 ਕਿਲੋਮੀਟਰ ਦੂਰ ਮਹਾਰਾ ਜੇਲ੍ਹ ਵਿੱਚ ਹੋਏ ਦੰਗੇ ਦੌਰਾਨ ਵੀ ਇੱਕ ਕੈਦੀ ਦੀ ਮੌਤ ਹੋਈ ਸੀ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ।






