ਫ਼ਰੀਦਕੋਟ ਪੁਲੀਸ ਨੇ ਇੱਕ ਮੈਡੀਕਲ ਸਟੋਰ ਮਾਲਕ ਕੋਲੋਂ “ਗੋਲਡੀ ਬਰਾੜ ਗਰੁੱਪ” ਅਤੇ “ਲਾਰੈਂਸ ਬਿਸ਼ਨੋਈ ਗੈਂਗ” ਦੇ ਮੈਂਬਰ ਹੋਣ ਦਾ ਦਾਅਵਾ ਕਰਦਿਆਂ 10 ਲੱਖ ਰੁਪਏ ਦੀ ਮੰਗ ਕਰਨ ਵਾਲੇ ਮੁੱਖ ਮਾਸਟਰਮਾਈਂਡ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐੱਸ ਐੱਸ ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਰੁਣ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਅਤੇ ਪੰਕਜ ਉਰਫ਼ ਭੁੱਲਾ ਪੁੱਤਰ ਦੇਵਕੀ ਨੰਦਨ (ਦੋਵੇਂ ਨਿਵਾਸੀ ਮੁਹੱਲਾ ਹਰਨਾਮਪੁਰਾ) ਕੋਟਕਪੂਰਾ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਭਿੰਦਾ ਗਿੱਲ ਨੂੰ ਵੀ ਮੁਲਜ਼ਮਾਂ ਦਾ ਸਾਥ ਦੇਣ ਵਾਲੇ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧੀ ਹੋਣ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਰਨ ਅਰੋੜਾ ਉਰਫ਼ ਬਿੰਨੀ, ਜੋ ਕੋਟਕਪੂਰਾ ਦੇ ਜੈਤੋ ਰੋਡ ‘ਤੇ ਮੈਡੀਕਲ ਸਟੋਰ ਚਲਾਉਂਦੇ ਹਨ, ਨੇ ਪੁਲਿਸ ਨੂੰ ਦੱਸਿਆ ਕਿ 7 ਅਗਸਤ ਦੀ ਸਵੇਰ ਨੂੰ ਜਦੋਂ ਉਹ ਆਪਣੀ ਦੁਕਾਨ ਖੋਲ੍ਹਣ ਪਹੁੰਚੇ, ਤਾਂ ਉਨ੍ਹਾਂ ਨੂੰ ਫ਼ਰਸ਼ ‘ਤੇ ਇੱਕ ਪੀਲਾ ਲਿਫ਼ਾਫ਼ਾ ਮਿਲਿਆ। ਲਿਫ਼ਾਫ਼ੇ ਵਿੱਚ ਇੱਕ ਟਾਈਪ ਕੀਤਾ ਹੋਇਆ ਨੋਟ ਸੀ ਜਿਸ ਵਿੱਚ “ਪ੍ਰੋਟੈਕਸ਼ਨ ਮਨੀ” ਵਜੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਹ ਨੋਟ ਕਥਿਤ ਤੌਰ ‘ਤੇ ਗੋਲਡੀ ਬਰਾੜ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਭੇਜਿਆ ਸੀ। ਪੁਲਿਸ ਮੁਤਾਬਕ, ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਸਮੇਤ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ।
ਸ਼ਿਕਾਇਤ ਮਿਲਣ ‘ਤੇ, ਐੱਸ ਪੀ (ਜਾਂਚ) ਜੋਗੇਸ਼ਵਰ ਸਿੰਘ ਨੇ ਡੀ ਐੱਸ ਪੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਦੋਸ਼ੀਆਂ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਪੁਲੀਸ ਟੀਮ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਤਕਨੀਕੀ ਇਨਪੁਟਸ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਵਰਤੋਂ ਕਰਦਿਆਂ, ਟੀਮ ਨੇ ਦੋਵਾਂ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਵਿਸਤ੍ਰਿਤ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕਰਨ ਵਾਸਤੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।





