ਨਾਭਾ ਨੇੜਲੇ ਪਿੰਡ ਕੌਲ ਵਿੱਚ ਐਤਵਾਰ ਨੂੰ 29 ਸਾਲਾ ਨੌਜਵਾਨ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਅੱਜ ਸੰਸਕਾਰ ਮੌਕੇ ਮ੍ਰਿਤਕ ਦੇ ਪਰਿਵਾਰ ਦੀ ਭਾਵੁਕ ਅਪੀਲ ਨੇ ਪਿੰਡ ਵਿਚ ਸੋਗ ਦੀ ਲਹਿਰ ਨੂੰ ਹੋਰ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਬਿਮਾਰ ਪਿਤਾ, ਪਤਨੀ ਅਤੇ ਛੋਟੇ ਬੱਚੇ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਸੀ।
ਮ੍ਰਿਤਕ ਦੇ ਤਾਇਆ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਕੁਝ ਦਿਨ ਪਹਿਲਾਂ ਹੀ ਤਨਖ਼ਾਹ ਮਿਲੀ ਸੀ। ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਉਹ ਚੁੱਪਚਾਪ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ। ਸੰਸਕਾਰ ਮੌਕੇ ਮਹਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਭਾਵੁਕ ਅਪੀਲ ਕੀਤੀ। ਉਨ੍ਹਾਂ ਕਿਹਾ, “ਅਸੀਂ ਤਾਂ ਆਪਣਾ ਪੁੱਤ ਗੁਆ ਲਿਆ ਹੈ, ਪਰ ਤੁਸੀਂ ਸਾਰੇ ਮਿਲ ਕੇ ਆਪਣੇ ਬੱਚਿਆਂ ਨੂੰ ਬਚਾਓ। ਕਿਸੇ ਵੀ ਤਰੀਕੇ ਨਾਲ ਇਸ ਨਸ਼ੇ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਇਕੱਠੇ ਹੋਵੋ।”
ਪਰਿਵਾਰਕ ਮੈਂਬਰਾਂ ਮੁਤਾਬਕ ਨੌਜਵਾਨ ਸ਼ਨਿਚਰਵਾਰ ਨੂੰ ਰਾਤ ਦੀ ਸ਼ਿਫਟ ’ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ, ਪਰ ਸਵੇਰੇ ਵਾਪਸ ਨਾ ਆਇਆ। ਜਦੋਂ ਉਹ ਸਵੇਰੇ ਪਸ਼ੂਆਂ ਦਾ ਦੁੱਧ ਚੁਆਉਣ ਵੀ ਨਾ ਪੁੱਜਿਆ ਤਾਂ ਉਸ ਦੀ ਪਤਨੀ ਅਤੇ ਭੈਣ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪਹਿਲਾਂ ਉਹ ਨਾਭਾ ਫੋਕਲ ਪੁਆਇੰਟ ਵਿਖੇ ਫੈਕਟਰੀ ਗਏ, ਪਰ ਉੱਥੇ ਉਸ ਦੇ ਨਾ ਹੋਣ ਦੀ ਜਾਣਕਾਰੀ ਮਿਲੀ। ਬਾਅਦ ਵਿੱਚ ਦੁਪਹਿਰ ਕਰੀਬ 2.30 ਵਜੇ ਪਰਿਵਾਰ ਦੇ ਖੇਤਾਂ ਵਿੱਚ ਬਣੇ ਸ਼ੈੱਡ ਵਿੱਚ ਉਸ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਸਰਿੰਜਾਂ ਅਤੇ ਕੁੱਝ ਗੋਲੀਆਂ ਵੀ ਮਿਲੀਆਂ।
ਪਰਿਵਾਰ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਮ੍ਰਿਤਕ ਦੇ ਪਿਤਾ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਣ ਕਾਰਨ ਇਲਾਜ ਅਧੀਨ ਹਨ। ਇਸ ਤੋਂ ਇਲਾਵਾ ਮ੍ਰਿਤਕ ਦੀ ਇੱਕ ਧੀ ਦੀ ਵੀ ਕਰੀਬ ਇੱਕ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ।
ਇਸ ਮੌਕੇ ਸਦਰ ਐੱਸਐੱਚਓ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਨਾਭਾ ਡੀਐੱਸਪੀ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਉਹ ਮਾਮਲੇ ਦਾ ਪਤਾ ਕਰਨਗੇ।





