ਯੂਕਰੇਨ ਵੱਲੋਂ ਸੋਮਵਾਰ ਨੂੰ ਰੂਸ ਦੇ ਨਿਝਨੇਕਾਮਸਕ ਸ਼ਹਿਰ ਵਿੱਚ ਕੀਤੇ ਗਏ ਡਰੋਨ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖ਼ਮੀ ਹੋ ਗਏ। ਤਾਤਾਰਸਤਾਨ ਖੇਤਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਯੂਕਰੇਨ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਲੰਮੀ ਦੂਰੀ ਵਾਲੇ ਡਰੋਨਾਂ ਦੀ ਵਰਤੋਂ ਕਰਦਿਆਂ ਰੂਸ ਦੇ ਤੇਲ ਅਦਾਰਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਦੇ ਨਤੀਜੇ ਵਜੋਂ ਰੂਸ ਅੰਦਰ ਬਾਲਣ ਦੀ ਕਿੱਲਤ ਪੈਦਾ ਹੋ ਗਈ ਹੈ ਅਤੇ ਤੇਲ ਰਿਫਾਇਨ ਕਰਨ ਦੀ ਸਮਰੱਥਾ ਨੂੰ ਨੁਕਸਾਨ ਪੁੱਜਾ ਹੈ , ਜਿਸ ਨਾਲ ਆਮ ਲੋਕਾਂ ਵਿੱਚ ਫ਼ਿਕਰ ਵੀ ਵਧ ਗਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਇਹ ਮੁਹਿੰਮ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗੱਲਬਾਤ ਦੀ ਮੇਜ਼ ‘ਤੇ ਆਉਣ ਅਤੇ ਚਾਰ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਯੁੱਧ ਨੂੰ ਖ਼ਤਮ ਕਰਨ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ।
ਨਿਝਨੇਕਾਮਸਕ ਯੂਕਰੇਨ ਦੀ ਸਰਹੱਦ ਤੋਂ ਲਗਪਗ 1,200 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ ਅਤੇ ਇਸ ਦੀ ਆਬਾਦੀ ਲਗਪਗ 2.40 ਲੱਖ ਹੈ। ਇਹ ਸ਼ਹਿਰ ਰੂਸ ਦਾ ਇੱਕ ਮਹੱਤਵਪੂਰਨ ਤੇਲ ਰਿਫਾਇਨਰੀ ਕੇਂਦਰ ਹੈ, ਜਿੱਥੇ ਦੋ ਤੇਲ ਰਿਫਾਇਨਰੀਆਂ ਅਤੇ ਇੱਕ ਪੈਟਰੋਕੈਮੀਕਲ ਪਲਾਂਟ ਸਥਿਤ ਹਨ।
ਜ਼ੇਲੇਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਕਿਹਾ, ”ਅਸੀਂ ਪੂਰੀ ਤਰ੍ਹਾਂ ਨਾਲ ਉਚਿਤ ਜਵਾਬ ਦੇ ਰਹੇ ਹਾਂ ਅਤੇ ਰੂਸ ਦੇ ਹਰ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਰੂਸ ਦਾ ਯੁੱਧ ਹੁਣ ਆਪਣੇ ਹੀ ਘਰ ਯਾਨੀ ਰੂਸ ਵਿੱਚ ਵੱਧ ਤੋਂ ਵੱਧ ਮਹਿਸੂਸ ਕੀਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਇਸ ਜੰਗ ਦੇ ਅਜੇ ਤੱਕ ਜਾਰੀ ਰਹਿਣ ਦਾ ਸਿਰਫ਼ ਇਹੀ ਇੱਕੋ ਇੱਕ ਕਾਰਨ ਹੈ ਕਿ ਰੂਸ ਇਸ ਨੂੰ ਖ਼ਤਮ ਕਰਨਾ ਨਹੀਂ ਚਾਹੁੰਦਾ।





