ਆਜ਼ਾਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ, ਬੀ ਐੱਸ ਐੱਫ ਅਤੇ ਪੰਜਾਬ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਤਹਿਤ ਵੀਰਵਾਰ ਨੂੰ ਫਾਜ਼ਿਲਕਾ ਦੇ ਇੱਕ ਸਰਹੱਦੀ ਪਿੰਡ ਵਿੱਚੋਂ ਇੱਕ ਪਾਕਿਸਤਾਨੀ ਡਰੋਨ, ਇੱਕ ਵਿਦੇਸ਼ੀ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਸਦਰ ਥਾਣੇ ਦੇ ਐੱਸ ਐੱਚ ਓ ਹਰਦੇਵ ਸਿੰਘ ਬੇਦੀ ਨੇ ‘ਟ੍ਰਿਬਿਊਨ ਸਮੂਹ’ ਨੂੰ ਦੱਸਿਆ ਕਿ ਗਸ਼ਤ ਦੌਰਾਨ ਡਰੋਨ ਅਤੇ ਹਥਿਆਰਾਂ ਦੀ ਮੌਜੂਦਗੀ ਬਾਰੇ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ, ਬੀ ਐੱਸ ਐੱਫ ਅਤੇ ਪੁਲੀਸ ਨੇ ਸਰਹੱਦੀ ਪਿੰਡ ਮੁੰਬੇ ਕੀ ਨੇੜੇ ਨਿਰਮਲ ਬਾਰਡਰ ਆਊਟਪੋਸਟ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਅਪਰੇਸ਼ਨ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਝੋਨੇ ਦੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ, ਇੱਕ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ ਅਤੇ ਨੌਂ ਕਾਰਤੂਸ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਇਹ ਸਮੱਗਰੀ ਭਾਰਤੀ ਖੇਤਰ ਦੇ ਅੰਦਰ ਲਗਪਗ 500 ਮੀਟਰ ਦੀ ਦੂਰੀ ਤੋਂ ਬਰਾਮਦ ਕੀਤੀ ਗਈ ਹੈ। ਹਥਿਆਰ ਅਤੇ ਗੋਲਾ ਬਾਰੂਦ ਇੱਕ ਪੈਕਟ ਵਿੱਚ ਲਪੇਟੇ ਹੋਏ ਮਿਲੇ।
ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਕੇਸ ਦਰਜ ਕਰ ਲਿਆ ਹੈ।






