ਚੀਨ ਨੇ ਅੱਜ ਕਿਹਾ ਕਿ ਚੀਨ-ਭਾਰਤ ਸਰਹੱਦ ’ਤੇ ਸਥਿਤੀ ਫ਼ਿਲਹਾਲ ਸਥਿਰ ਹੈ, ਜਦੋਂ ਕਿ ਅਰੁਣਾਚਲ ਪ੍ਰਦੇਸ਼ ਸਰਹੱਦ ਨੇੜੇ ਚੀਨੀ ਫ਼ੌਜੀ ਗਤੀਵਿਧੀਆਂ ਵਧਣ ਦੀਆਂ ਰਿਪੋਰਟਾਂ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਇਹ ਟਿੱਪਣੀਆਂ ਮੀਡੀਆ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਕੀਤੀਆਂ, ਜਿਨ੍ਹਾਂ ਵਿੱਚ ਪੁੱਛਿਆ ਗਿਆ ਸੀ ਕਿ ਕੀ ਭਾਰਤ ਨਾਲ ਹਾਲ ਹੀ ਵਿੱਚ ਕੋਈ ਫ਼ੌਜੀ ਘਟਨਾ ਵਾਪਰੀ ਹੈ ਅਤੇ ਕੀ ਚੀਨ ਨੇ ਇਸ ਸੂਬੇ ਨੇੜੇ ਆਪਣੀਆਂ ਫ਼ੌਜੀ ਗਤੀਵਿਧੀਆਂ ਵਧਾ ਦਿੱਤੀਆਂ ਹਨ, ਜਿਸ ਨੂੰ ਚੀਨ ਦੱਖਣੀ ਤਿੱਬਤ ਦਾ ਹਿੱਸਾ ਦੱਸਦਾ ਹੈ।
ਗੁਓ ਨੇ ਕਿਹਾ, ‘‘ਚੀਨ-ਭਾਰਤ ਸਰਹੱਦ ’ਤੇ ਸਥਿਤੀ ਫ਼ਿਲਹਾਲ ਸਥਿਰ ਹੈ।’’ ਉਨ੍ਹਾਂ ਦੱਸਿਆ ਕਿ ਚੀਨ ਅਤੇ ਭਾਰਤ ਨੇ ਪਿਛਲੇ ਹਫਤੇ ਚੀਨ-ਭਾਰਤ ਸਰਹੱਦੀ ਮਾਮਲਿਆਂ ’ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜਕਾਰੀ ਵਿਧੀ (ਡਬਲਿਊ ਐੱਮ ਸੀ ਸੀ) ਦੀ 36ਵੀਂ ਬੈਠਕ ਕੀਤੀ ਸੀ। ਉਨ੍ਹਾਂ ਹੋਰ ਕਿਹਾ, ‘‘ਦੋਵੇਂ ਪੱਖ ਕੂਟਨੀਤਕ ਅਤੇ ਫ਼ੌਜੀ ਚੈਨਲਾਂ ਰਾਹੀਂ ਸੰਪਰਕ ਬਣਾ ਕੇ ਰੱਖਣ ਅਤੇ ਸਰਹੱਦੀ ਖੇਤਰਾਂ ਵਿੱਚ ਸਾਂਝੇ ਤੌਰ ’ਤੇ ਅਮਨ-ਸ਼ਾਂਤੀ ਬਣਾ ਕੇ ਰੱਖਣ ਲਈ ਸਹਿਮਤ ਹੋਏ ਹਨ।’’ ਭਾਰਤ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਚੀਨ ਨਾਲ ਸਰਹੱਦੀ ਖੇਤਰਾਂ ਨਾਲ ਸਬੰਧਤ ਮਾਮਲਿਆਂ ਨੂੰ ਬਹੁਤ ਗੰਭੀਰ ਮੰਨਦਾ ਹੈ ਅਤੇ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ ਏ ਸੀ) ’ਤੇ ਅਮਨ-ਸ਼ਾਂਤੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰਹੱਦ ਦੀ ਸਥਿਤੀ ਹੀ ਦੁਵੱਲੇ ਸਬੰਧਾਂ ਦੇ ਭਵਿੱਖ ਨੂੰ ਤੈਅ ਕਰੇਗੀ। ਇਹ ਟਿੱਪਣੀਆਂ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਖੇਤਰ ਵਿੱਚ ਚੀਨੀ ਫ਼ੌਜੀਆਂ ਦੇ ਹਮਲਾਵਰ ਰੁਖ਼ ਦੀਆਂ ਰਿਪੋਰਟਾਂ ਦਰਮਿਆਨ ਆਈਆਂ ਹਨ।
ਨਵੀਂ ਦਿੱਲੀ ਨੇ ਅਰੁਣਾਚਲ ਪ੍ਰਦੇਸ਼ ਦੀਆਂ 27 ਥਾਵਾਂ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਉਨ੍ਹਾਂ ਦੇ ਮਿਆਰੀ ਨਾਵਾਂ ਦੀ ਰਸਮੀ ਪਛਾਣ ਕਰਨ ਦੇ ਆਪਣੇ ਫ਼ੈਸਲੇ ’ਤੇ ਪੇਈਚਿੰਗ ਦੀ ਆਲੋਚਨਾ ਨੂੰ ਵੀ ਰੱਦ ਕਰ ਦਿੱਤਾ। ਭਾਰਤ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸੂਬਾ ਭਾਰਤ ਦਾ ਅਟੁੱਟ ਅਤੇ ਅਨਿੱਖੜਵਾਂ ਅੰਗ ਹੈ ਅਤੇ ਕੋਈ ਵੀ ਚੀਜ਼ ਇਸ ਅਟੱਲ ਹਕੀਕਤ ਨੂੰ ਨਹੀਂ ਬਦਲ ਸਕਦੀ।





