ਸਿਡਨੀ ਵਿੱਚ ਸਕੂਲੀ ਵਿਦਿਆਰਥੀ ਕਲਾਸਾਂ ਛੱਡ ਕੇ ਸੜਕਾਂ ’ਤੇ ਉਤਰ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਨਸਲਪ੍ਰਸਤੀ ਰੋਕੀ ਜਾਵੇ ਅਤੇ ਫ਼ਿਰਕੂ ਟਿੱਪਣੀਆਂ ਤੇ ਸਮਾਜ ਵਿੱਚ ਵੰਡੀਆਂ ਪਾਉਣ ਨੂੰ ਹੱਲਾਸ਼ੇਰੀ ਦੇਣ ਵਾਲੀ ਸੰਸਦ ਮੈਂਬਰ ਪੌਲੀਨ ਹੈਨਸਨ ਤੇ ਉਸ ਦੀ ਪਾਰਟੀ ਵਨ ਨੇਸ਼ਨ ਵਿਰੁੱਧ ਕਾਰਵਾਈ ਕੀਤੀ ਜਾਵੇ।ਇਹ ਰੈਲੀ ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਵੱਲੋਂ ਕਰਵਾਈ ਗਈ। ਸਿਡਨੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਥਿਓਡੋਰ ਨੇ ਕਿਹਾ ਕਿ ਵਿਦਿਆਰਥੀ ਹਮੇਸ਼ਾ ਫਾਸ਼ੀਵਾਦ ਅਤੇ ਨਸਲਵਾਦ ਵਿਰੁੱਧ ਲੜਾਈ ਦਾ ਹਿੱਸਾ ਰਹੇ ਹਨ। ਵਿਦਿਆਰਥੀਆਂ ਨੂੰ ਭੋਲੇ ਜਾਂ ਕਿਸੇ ਦੇ ਹੱਥਾਂ ਦੀ ਕਠਪੁਤਲੀ ਕਹਿਣਾ ਗ਼ਲਤ ਹੈ ਅਤੇ ਉਨ੍ਹਾਂ ਦੀ ਵੀ ਸਮਾਜਕ ਮੁੱਦਿਆਂ ’ਤੇ ਆਵਾਜ਼ ਹੈ। ਵਿਦਿਆਰਥੀ ਇਸ ਲਈ ਸੜਕਾਂ ’ਤੇ ਉਤਰੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਵਨ ਨੇਸ਼ਨ ਦੀਆਂ ਨੀਤੀਆਂ ਪਰਵਾਸੀਆਂ ਅਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ’ਤੇ ਹੈ ਅਤੇ ਉਹ ਨਸਲਪ੍ਰਸਤੀ ਤੇ ਫੁੱਟ ਪਾਊ ਰਾਜਨੀਤੀ ਦਾ ਵਿਰੋਧ ਕਰਨਾ ਚਾਹੁੰਦੇ ਹਨ। ਥਿਓਡੋਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਸੁਨੇਹਾ ਹੈ ਕਿ ਇਹ ਸਿਰਫ਼ ਹੈਨਸਨ ਦਾ ਵਿਰੋਧ ਨਹੀਂ ਹੈ, ਸਗੋਂ ਬਰਾਬਰੀ, ਬਹੁ-ਸੱਭਿਆਚਾਰ ਅਤੇ ਆਪਣੇ ਭਵਿੱਖ ਬਾਰੇ ਆਵਾਜ਼ ਉਠਾਉਣ ਦਾ ਮਾਮਲਾ ਹੈ।
ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ, ਪਰ ਸਕੂਲਾਂ ਦਾ ਮੁੱਖ ਉਦੇਸ਼ ਸਿੱਖਿਆ ਅਤੇ ਪੜ੍ਹਾਈ ਹੈ। ਕੇਂਦਰੀ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਰਹਿਣ ਅਤੇ ਵਿਰੋਧ ਪ੍ਰਦਰਸ਼ਨ ਵੀਕਐਂਡ ’ਤੇ ਕਰਨ ਦੀ ਅਪੀਲ ਕੀਤੀ ਹੈ।






