Indian Arrested: ਕੈਨੇਡਾ ਦੇ ਸਰੀ ਸ਼ਹਿਰ ਦੇ ਇੱਕ ਪਾਰਕ ਵਿੱਚ ਇੱਕ ਮਹਿਲਾ ਨਾਲ ਕਥਿਤ ਜਿਨਸੀ ਸ਼ੋਸ਼ਣ ਕਰਨ ਸਬੰਧੀ 40 ਸਾਲਾ ਭਾਰਤੀ ਮੂਲ ਦੇ ਵਿਅਕਤੀ ‘ਤੇ ਦੋ ਦੋਸ਼ ਲਾਏ ਗਏ ਹਨ। ਸਰੀ ਪੁਲੀਸ ਸਰਵਿਸ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ 9 ਅਗਸਤ ਨੂੰ ਬੀਅਰ ਕ੍ਰੀਕ ਪਾਰਕ ਵਿੱਚ ਜਿਨਸੀ ਸ਼ੋਸ਼ਣ ਦੀ ਸੂਚਨਾ ‘ਤੇ ਕਾਰਵਾਈ ਕੀਤੀ। ਔਰਤ ਨੇ ਪੁਲੀਸ ਨੂੰ ਦੱਸਿਆ ਕਿ ਇੱਕ ਬਾਲਗ ਵਿਅਕਤੀ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ, ਜੋ ਮੌਕੇ ਤੋਂ ਫਰਾਰ ਹੋ ਗਿਆ।
ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਪਿਛਲੇ ਹਫ਼ਤੇ ਜਾਣਕਾਰੀ ਮੰਗਦਿਆਂ ਇੱਕ ਜਨਤਕ ਅਪੀਲ ਜਾਰੀ ਕੀਤੀ ਅਤੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ। ਜਲਦੀ ਹੀ, ਹੁਲੀਏ ਨਾਲ ਮੇਲ ਖਾਂਦਾ ਇੱਕ ਵਿਅਕਤੀ ਪਛਾਣ ਲਿਆ ਗਿਆ।
ਪੁਲੀਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੋਸ਼ੀ ਜਗੇਂਦਰ ਖੁਰਾਣਾ ਨੂੰ 12 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਨੇ ਬਾਅਦ ਵਿੱਚ ਖੁਰਾਣਾ ਵਿਰੁੱਧ ਕ੍ਰਿਮਿਨਲ ਕੋਡ ਦੇ ਤਹਿਤ ਦੋ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੋਸ਼ ਜਿਨਸੀ ਸ਼ੋਸ਼ਣ ਦਾ ਅਤੇ ਇੱਕ ਜਿਨਸੀ ਦਖਲਅੰਦਾਜ਼ੀ ਦਾ ਹੈ।
ਪੁਲੀਸ ਨੇ ਕਿਹਾ ਕਿ ਖੁਰਾਣਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਹ 17 ਅਗਸਤ ਨੂੰ ਆਪਣੀ ਅਗਲੀ ਨਿਰਧਾਰਤ ਅਦਾਲਤੀ ਪੇਸ਼ੀ ਤੱਕ ਜ਼ਮਾਨਤ ਦੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਪੁਲੀਸ ਨੇ ਅੱਗੇ ਕਿਹਾ ਕਿ ਕਥਿਤ ਹਮਲੇ ਦੀ ਜਾਂਚ ਜਾਰੀ ਹੈ।






