ਦਿੱਲੀ ਵਿੱਚ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮਹੱਤਵਪੂਰਨ ਬੈਠਕ ਵਿੱਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ ਨਹੀਂ ਹੋਣਗੇ। ਅਹਿਮ ਸੂਤਰਾਂ ਅਨੁਸਾਰ ਚੰਨੀ ਪੰਜਾਬ ਯੂਨੀਵਰਸਿਟੀ ਤੋਂ ਐੱਮ ਏ ਕਰ ਰਹੇ ਹਨ ਅਤੇ ਵੀਰਵਾਰ ਨੂੰ ਉਨ੍ਹਾਂ ਦੀ ਪ੍ਰੀਖਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਸਬੰਧੀ ਹਾਲੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਰਾਹੁਲ ਗਾਂਧੀ ਦੀ ਸ਼ਮੂਲੀਅਤ ਵਾਲੀ ਮੀਟਿੰਗ ਵਿੱਚੋਂ ਚੰਨੀ ਦੀ ਗੈਰ-ਹਾਜ਼ਰੀ ਦੇ ਸਿਆਸੀ ਮਾਇਨੇ ਹਨ। ਇਹ ਦੂਜੀ ਵਾਰ ਹੈ ਜਦੋਂ ਚੰਨੀ ਗੈਰ-ਹਾਜ਼ਰ ਹੋਣਗੇ। ਪਿਛਲੀ ਵਾਰ ਜਦੋਂ ਸੰਸਦ ਵਿੱਚ ਪੇਪਰ ਲੀਕ ਮੁੱਦੇ ’ਤੇ ਰਾਹੁਲ ਗਾਂਧੀ ਦਾ ਭਾਸ਼ਣ ਸੀ, ਤਾਂ ਉਸ ਵੇਲੇ ਵੀ ਚੰਨੀ ਸੰਸਦ ਵਿੱਚੋਂ ਗੈਰ-ਹਾਜ਼ਰ ਸਨ। ਉਸ ਦਿਨ ਚੰਨੀ ਨੇ ਫ਼ਰੀਦਕੋਟ ਵਿਖੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ।
ਅੱਜ ਦਿੱਲੀ ਵਿੱਚ ਹੋ ਰਹੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਰਹਿਣਗੇ।
ਇਸ ਬੈਠਕ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਕੇਡਰ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਜਾਵੇਗੀ। ਚੰਨੀ ਦੀ ਸੰਭਾਵੀ ਗੈਰ-ਹਾਜ਼ਰੀ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਅਤੇ ਆਗੂਆਂ ਦੇ ਆਪਸੀ ਮਤਭੇਦਾਂ ਵੱਲ ਇਸ਼ਾਰਾ ਕਰਦੀ ਹੈ।
ਉੱਧਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾਂ ਨੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੀ.ਐੱਚ.ਡੀ ਦੀ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ।





