ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ (Airspace) ’ਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਕੀਤੇ ਗਏ ‘ਨੋਟਿਸ ਟੂ ਏਅਰਮੈਨ’ (NOTAM) ਅਨੁਸਾਰ, ਇਹ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਇਹ ਪਾਬੰਦੀ 23 ਅਗਸਤ ਨੂੰ ਸਵੇਰੇ 10:15 ਵਜੇ ਤੋਂ ਲਾਗੂ ਹੋ ਕੇ 24 ਸਤੰਬਰ ਸਵੇਰੇ 4:59 ਵਜੇ ਤੱਕ ਬਰਕਰਾਰ ਰਹੇਗੀ। ਇਹ ਰੋਕ ਭਾਰਤ ’ਚ ਰਜਿਸਟਰਡ ਜਹਾਜ਼ਾਂ, ਭਾਰਤੀ ਏਅਰਲਾਈਨਜ਼ ਦੁਆਰਾ ਲੀਜ਼ ’ਤੇ ਲਏ ਗਏ ਜਹਾਜ਼ਾਂ ਅਤੇ ਫੌਜੀ ਉਡਾਣਾਂ ’ਤੇ ਪੂਰੀ ਤਰ੍ਹਾਂ ਲਾਗੂ ਹੋਵੇਗੀ। ਪਾਕਿਸਤਾਨੀ ਹਵਾਈ ਖੇਤਰ ਦੇ ਦੋਵੇਂ ਹਿੱਸਿਆਂ- ਕਰਾਚੀ ਅਤੇ ਲਾਹੌਰ ਫਲਾਈਟ ਇਨਫਰਮੇਸ਼ਨ ਰੀਜਨ (FIR) ’ਚ ਭਾਰਤੀ ਜਹਾਜ਼ਾਂ ਦੇ ਦਾਖਲੇ ’ਤੇ ਰੋਕ ਰਹੇਗੀ।
ਜ਼ਿਕਰਯੋਗ ਹੈ ਕਿ ਅਪਰੈਲ 2025 ’ਚ ਹੋਏ ਪਹਿਲਗਾਮ ਅਤਿਵਾਦੀ ਹਮਲੇ, ਜਿਸ ’ਚ 26 ਲੋਕ ਮਾਰੇ ਗਏ ਸਨ, ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੀਆਂ ਏਅਰਲਾਈਨਾਂ ’ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ’ਤੇ ਰੋਕ ਲਗਾ ਦਿੱਤੀ ਸੀ। ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਅਤੇ ਫੌਜੀ ਉਡਾਣਾਂ ’ਤੇ ਬਰਾਬਰ ਦੀ ਪਾਬੰਦੀ ਬਰਕਰਾਰ ਰੱਖੀ ਹੋਈ ਹੈ। ਹਰ ਮਹੀਨੇ ਵਧਾਈ ਜਾ ਰਹੀ ਇਸ ਪਾਬੰਦੀ ਕਾਰਨ ਏਅਰਲਾਈਨ ਕੰਪਨੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਮੁਸਾਫ਼ਰਾਂ ਦਾ ਸਫ਼ਰ ਵੀ ਲੰਮਾ ਤੇ ਮਹਿੰਗਾ ਹੋ ਗਿਆ ਹੈ।






