Zirakpur Innova Rescue: ਰਾਮਪੁਰਾ ਤੋਂ ਛੱਤਬੀੜ ਵੱਲ ਜਾਣ ਵਾਲੇ ਰਸਤੇ ’ਤੇ ਇਕ ਤੇਜ਼ ਰਫ਼ਤਾਰ ਇਨੋਵਾ ਡਿੱਗ ਗਈ ਜਿਸ ਤੋਂ ਬਾਅਦ ਭਾਰੀ ਮੀਂਹ ਪੈਣ ਤੋਂ ਬਾਅਦ ਨਾਲੇ ਵਿਚ ਪਾਣੀ ਭਰ ਗਿਆ ਜਿਸ ਤੋਂ ਬਾਅਦ ਇਨੋਵਾ ਵਿਚ ਸਵਾਰਾਂ ਨੂੰ ਬਾਹਰ ਕੱਢਣ ਲਈ ਅਪਰੇਸ਼ਨ ਚਲਾਇਆ।
ਜਾਣਕਾਰੀ ਅਨੁਸਾਰ ਬਰਸਾਤੀ ਨਾਲੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਨੋਵਾ ਪਾਣੀ ਵਿੱਚ ਡੁੱਬਣ ਲੱਗੀ। ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਜਾਨ ਖਤਰੇ ਵਿੱਚ ਪੈ ਗਈ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀਆਂ ਰੂਟ 90302 ਅਤੇ 90301 ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਤੁਰੰਤ ਰੈਸਕਿਊ ਕਾਰਵਾਈ ਸ਼ੁਰੂ ਕੀਤੀ।
ਤੇਜ਼ ਵਹਾਅ ਦੇ ਬਾਵਜੂਦ ਜਵਾਨਾਂ ਨੇ ਹਿੰਮਤ ਅਤੇ ਸੂਝਬੂਝ ਨਾਲ ਕਾਰ ਵਿੱਚੋਂ ਤਿੰਨਾਂ ਵਿਅਕਤੀਆਂ ਨੂੰ ਇੱਕ-ਇੱਕ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ। ਇੱਕ ਵਿਅਕਤੀ ਨੂੰ ਘਰ ਪਹੁੰਚਾਇਆ ਗਿਆ, ਜਦਕਿ ਦੋ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।
ਰੈਸਕਿਊ ਦੌਰਾਨ ਜਵਾਨਾਂ ਨੂੰ ਪਾਣੀ ਵਿੱਚੋਂ ਇੱਕ ਆਈਫੋਨ ਅਤੇ 25 ਹਜ਼ਾਰ ਰੁਪਏ ਦੀ ਨਕਦੀ ਵੀ ਮਿਲੀ, ਜੋ ਪਛਾਣ ਉਪਰੰਤ ਸਬੰਧਤ ਵਿਅਕਤੀ ਨੂੰ ਵਾਪਸ ਕਰ ਦਿੱਤੀ ਗਈ। ਐਸਐਸਐਫ ਦੀ ਤੁਰੰਤ ਕਾਰਵਾਈ ਅਤੇ ਇਮਾਨਦਾਰੀ ਦੀ ਲੋਕਾਂ ਨੇ ਸ਼ਲਾਘਾ ਕੀਤੀ।






