ਚੋਣ ਰਣਨੀਤੀ ਅਤੇ ਯੋਜਨਾਬੰਦੀ ਦੀਆਂ ਤਿਆਰੀਆਂ ਤੇਜ਼ ਹੋਣ ਦੇ ਨਾਲ ਹੀ, ਪੰਜਾਬ ਭਾਜਪਾ ਚੋਣ ਇੰਚਾਰਜ ਸੀ ਆਰ ਪਾਟਿਲ ਨੇ ਅੱਜ ਨਵੀਂ ਦਿੱਲੀ ਵਿੱਚ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਮੁਲਾਕਾਤ ਕੀਤੀ।
ਇਹ ਮੁਲਾਕਾਤ ਪਾਟਿਲ ਵੱਲੋਂ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਦੇ ਸੰਭਾਵੀ ਅਕਾਲੀ-ਭਾਜਪਾ ਗਠਜੋੜ ਦੀ ਰੂਪ-ਰੇਖਾ ਅਤੇ ਜੇਕਰ ਕੋਈ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਦੋਵਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੇ ਪ੍ਰਬੰਧ ਨੂੰ ਲੈ ਕੇ ਅੱਗੇ ਦੀ ਦਿਸ਼ਾ ਬਾਰੇ ਚਰਚਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ।
ਪਤਾ ਲੱਗਾ ਹੈ ਕਿ ਸਾਹਨੀ ਨੇ ਪਾਟਿਲ ਨਾਲ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਟਿਲ ਨੂੰ ਪੰਜਾਬ ਵਿੱਚ ਚੋਣ ਪ੍ਰਬੰਧਨ ਦੀ ਦੇਖ-ਰੇਖ ਕਰਨ ਲਈ ਗੈਰ-ਰਸਮੀ ਤੌਰ ‘ਤੇ ਕਿਹਾ ਹੈ। ਇਸ ਸਬੰਧੀ ਸਭ ਤੋਂ ਪਹਿਲਾਂ ‘ਦਿ ਟ੍ਰਿਬਿਊਨ’ ਨੇ 20 ਅਗਸਤ ਨੂੰ ਆਪਣੇ ਕਾਲਮ ਵਿੱਚ ਵਿਸ਼ੇਸ਼ ਤੌਰ ‘ਤੇ ਰਿਪੋਰਟ ਕੀਤਾ ਸੀ।
ਪਾਟਿਲ ਦੀ ਪੰਜਾਬ ਵਿੱਚ ਨਿਯੁਕਤੀ ਦਾ ਅਜੇ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਨ੍ਹਾਂ ਨੇ ਪੰਜਾਬ ਚੋਣਾਂ ਦਾ ਪ੍ਰਬੰਧਨ ਸ਼ੁਰੂ ਕਰ ਦਿੱਤਾ ਹੈ ਅਤੇ ਮੁੱਖ ਸਿਆਸੀ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਹਨੀ ਉਸ ਸੱਤ ਮੈਂਬਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਮੂਹ ਦਾ ਹਿੱਸਾ ਸਨ, ਜਿਸ ਨੇ ਇਸ ਸਾਲ ਅਪਰੈਲ ਵਿੱਚ ਭਾਜਪਾ ‘ਚ ਰਲੇਵਾਂ ਕੀਤਾ ਸੀ।
ਇਸ ਤੋਂ ਇਲਾਵਾ, ਸਾਹਨੀ ਇਕਲੌਤੇ ਸਾਬਕਾ ‘ਆਪ’ ਸੰਸਦ ਮੈਂਬਰ ਸਨ, ਜਿਨ੍ਹਾਂ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐੱਲ ਸੰਤੋਸ਼ ਦੇ ਹਾਲੀਆ ਪੰਜਾਬ ਦੌਰੇ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਸ਼ਾਮਲ ਕੀਤਾ ਗਿਆ ਸੀ।
ਉੱਥੇ ਹੀ ਪਾਟਿਲ ਨੇ ਅਜੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਪੰਜਾਬ ਦੌਰੇ ਉੱਤੇ ਕਦੋਂ ਆਉਣਗੇ। ਹਾਲਾਂਕਿ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਸਤੀਸ਼ ਪੂਨੀਆ 31 ਅਗਸਤ ਤੋਂ ਪੰਜਾਬ ਦਾ ਦੌਰਾ ਕਰਨਗੇ।
ਪੰਜਾਬ ਵਿੱਚ ਭਾਜਪਾ ਦੀ ਰਣਨੀਤੀ ‘ਚ ਪਾਟਿਲ ਮੁੱਖ ਭੂਮਿਕਾ ਨਿਭਾਉਣਗੇ ਅਤੇ ਉਹ ਆਪਣੇ ਮਾਈਕ੍ਰੋ ਮੈਨੇਜਮੈਂਟ ਹੁਨਰ ਲਈ ਜਾਣੇ ਜਾਂਦੇ ਹਨ।






