ਸਾਲ 2020 ਵਿੱਚ ਉੱਤਰੀ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੌਰਾਨ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਵੱਡਾ ਕਦਮ ਚੁੱਕਿਆ ਹੈ। ਅਦਾਲਤ ਨੇ ਇਸ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਸਾਬਕਾ ਕੌਂਸਲਰ ਤਾਹਿਰ ਹੁਸੈਨ ਵੱਲੋਂ ਆਪਣੀ ਸਜ਼ਾ ਖ਼ਿਲਾਫ਼ ਦਾਇਰ ਅਪੀਲ ‘ਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।
ਹਾਈ ਕੋਰਟ ਦੇ ਬੈਂਚ ਨੇ ਦਿੱਲੀ ਪੁਲੀਸ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਦਿਆਂ ਅਗਲੀ ਸੁਣਵਾਈ 2 ਦਸੰਬਰ ਲਈ ਨਿਰਧਾਰਤ ਕੀਤੀ ਹੈ, ਜਿਸ ਨੂੰ ਹੋਰ ਸਬੰਧਤ ਅਪੀਲਾਂ ਨਾਲ ਸੁਣਿਆ ਜਾਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਤਾਹਿਰ ਹੁਸੈਨ ਦਾ ‘ਨੋਮੀਨਲ ਰੋਲ’ (ਜੇਲ੍ਹ ਵਿੱਚ ਵਿਵਹਾਰ ਦੀ ਰਿਪੋਰਟ) ਵੀ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਫਰਵਰੀ 2020 ਦੇ ਦੰਗਿਆਂ ਦੌਰਾਨ ਦਿਆਲਪੁਰ ਇਲਾਕੇ ਵਿੱਚ ਆਈ.ਬੀ. ਅਧਿਕਾਰੀ ਅੰਕਿਤ ਸ਼ਰਮਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਕਰਕਰਡੂਮਾ ਅਦਾਲਤ ਨੇ 31 ਜੁਲਾਈ ਨੂੰ ਤਾਹਿਰ ਹੁਸੈਨ ਅਤੇ ਉਸ ਦੇ ਚਾਰ ਸਹਿ-ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਹੁਸੈਨ ਨੇ ਹਾਈ ਕੋਰਟ ਦਾ ਰੁੱਖ ਕੀਤਾ ਹੈ। ਘਟਨਾ ਦੇ ਲਗਭਗ ਛੇ ਸਾਲ ਬਾਅਦ 13 ਜੁਲਾਈ ਨੂੰ ਹੇਠਲੀ ਅਦਾਲਤ ਨੇ ਤਾਹਿਰ ਹੁਸੈਨ, ਨਾਜ਼ਿਮ, ਕਾਸਿਮ, ਜਾਵੇਦ ਅਤੇ ਅਨਸ ਨੂੰ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਹੁਸੈਨ ਨੂੰ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 302 (ਕਤਲ), 365 (ਅਗਵਾ), 147 (ਦੰਗੇ ਕਰਨਾ), 148 (ਘਾਤਕ ਹਥਿਆਰਾਂ ਨਾਲ ਦੰਗੇ), 153A (ਧਾਰਮਿਕ/ਸਮਾਜਿਕ ਦੁਸ਼ਮਣੀ ਵਧਾਉਣਾ) ਅਤੇ 188 (ਸਰਕਾਰੀ ਹੁਕਮਾਂ ਦੀ ਉਲੰਘਣਾ) ਸਮੇਤ ਧਾਰਾ 149 ਅਧੀਨ ਦੋਸ਼ੀ ਕਰਾਰ ਦਿੱਤਾ ਸੀ।






