Waryam Sandhu wife book launch: ਪੰਜਾਬੀ ਦੇ ਉਘੇ ਕਹਾਣੀਕਾਰ ਤੇ ਵਾਰਤਕ ਲੇਖਕ ਵਰਿਆਮ ਸੰਧੂ ਦੀ ਪਤਨੀ ਰਜਵੰਤ ਕੌਰ ਸੰਧੂ ਦਾ ਲਿਖਿਆ ਸਫ਼ਰਨਾਮਾ ਮੇਰੇ ਪਿਤਾ ਦੀ ਕੁਰਸੀ ਅੱਜ ਇੱਥੇ ਪੰਜਾਬੀ ਭਵਨ ਵਿੱਚ ਵੱਡੀ ਗਿਣਤੀ ਵਿੱਚ ਜੁੜੀਆਂ ਅਦਬੀ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਏ ਸਮਾਗਮ ਵਿੱਚ ਇਸ ਸਫ਼ਰਨਾਮੇ ’ਤੇ ਭਰਪੂਰ ਵਿਚਾਰ ਚਰਚਾ ਹੋਈ। ਕੰਵਲਜੀਤ ਕੌਰ ਢਿੱਲੋਂ ਨੇ ਸਟੇਜ ਸੰਭਾਲਣ ਦੇ ਨਾਲ ਕਿਤਾਬ ਵਿਚਲੇ ਰੌਚਕ ਤੱਥਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਲੇਖਕਾ ਦੇ ਪਤੀ ਵਰਿਆਮ ਸੰਧੂ ਤੋਂ ਇਲਾਵਾ ਪ੍ਰਿੰਸੀਪਲ ਸਰਬਣ ਸਿੰਘ ਢੁੱਡੀਕੇ, ਕੰਵਲਜੀਤ ਕੌਰ ਢਿੱਲੋਂ, ਜਗੀਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਬੱਲ, ਪੂਰਨ ਸਿੰਘ ਪਾਂਧੀ, ਪਿਆਰਾ ਸਿੰਘ ਕੁਦੋਵਾਲ, ਪਰਮਜੀਤ ਕੌਰ ਦਿਓਲ, ਬਲਰਾਜ ਛੋਕਰ, ਉਜਮਾ ਲਾਹੌਰ, ਹਰਜੀਤ ਗਿੱਲ, ਦਲਬੀਰ ਕਥੂਰੀਆ, ਡਾ. ਜਗਦੀਪ ਕੌਰ ਆਦਿ ਮੌਜੂਦ ਸਨ।
ਪੁਸਤਕ ਉੱਪਰ ਤਿੰਨ ਪੇਪਰ ਪੜ੍ਹੇ ਗਏ ਇਨ੍ਹਾਂ ਵਿੱਚ ਉਂਕਾਰਪ੍ਰੀਤ ਸਿੰਘ, ਸੁਰਜੀਤ ਕੌਰ ਕੁਦੋਵਾਲ ਅਤੇ ਸੁਖਦੇਵ ਸਿੰਘ ਝੰਡ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ।
ਰਜਵੰਤ ਕੌਰ ਸੰਧੂ ਸਫ਼ਰਨਾਮੇ ਵਿੱਚ ਦੱਸਦੇ ਹਨ ਕਿ ਜਦ ਉਹ ਪਾਕਿਸਤਾਨ ਗਏ ਸਨ ਤਾਂ ਉਨਾਂ ਦੇ ਹਮਸਫ਼ਰ ਵਰਿਆਮ ਸੰਧੂ ਵੀ ਨਾਲ ਸਨ । ਪਹਿਲਾਂ ਉਹ ਵਰਿਆਮ ਦੇ ਪਿੰਡ ਭੰਡਾਣਾ ਗਏ ਜਿੱਥੇ ਉਹ ਸੰਧੂ ਦੇ ਪਿਤਾ ਦਾਦੇ ਦਾ ਘਰ ਸਮਝ ਕੇ ਕਿਸੇ ਹੋਰ ਦੇ ਘਰ ਮਹਿਮਾਨ ਨਿਵਾਜ਼ੀ ਕਰਵਾ ਆਏ। ਉਸ ਘਰ ਵਿੱਚ ਰਹਿੰਦੇ ਪਰਿਵਾਰ ਨੇ ਵੀ ਨਹੀਂ ਦੱਸਿਆ ਤੇ ਬਹੁਤ ਖ਼ਾਤਰ ਕੀਤੀ। ਵਾਪਸ ਆ ਕੇ ਪਤਾ ਲੱਗਾ ਉਨ੍ਹਾਂ ਦਾ ਘਰ ਤਾਂ ਹੋਰ ਗਲੀ ਵਿੱਚ ਸੀ।
ਬਾਅਦ ਵਿੱਚ ਉਹ ਥਾਣਾ ਕਿਲਾ ਗੁੱਜਰ ਸਿੰਘ ਗਏ ਜਿੱਥੇ ਲੇਖਕਾ ਦੇ ਪਿਤਾ ਬੰਤਾ ਸਿੰਘ 1947 ਦੀ ਵੰਡ ਤੋਂ ਪਹਿਲਾਂ ਥਾਣਾ ਮੁਖੀ ਸਨ। ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਭਾਵੁਕ ਮਾਹੌਲ ਦੀ ਸਿਰਜਣਾ ਕੀਤੀ ਗਈ ਹੈ। ਇਨ੍ਹਾਂ ਦੋਵੇਂ ਕਹਾਣੀਆਂ ਨੇ ਸਫ਼ਰਨਾਮੇ ਵਿੱਚ ਤੇ ਕਰੁਣਾਮਈ ਤੇ ਜਜ਼ਬਾਤੀ ਮਾਹੌਲ ਸਿਰਜ ਦਿੱਤਾ ਹੈ।
ਇਸ ਮੌਕੇ ਸਰਬਣ ਸਿੰਘ ਨੇ ਕਿਹਾ ਕਿ ਬਲਰਾਜ ਸਾਹਨੀ ਤੋਂ ਬਾਅਦ ਰਜਵੰਤ ਸੰਧੂ ਦਾ ਸਫ਼ਰਨਾਮਾ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ। ਇਸ ਨੂੰ ਪੰਜਾਬੀ ਪਾਠਕ ਤਾਂ ਪੜ੍ਹਨ ਹੀ ਇਸ ਪੁਸਤਕ ਨੂੰ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਵਿਚ ਸਿਲੇਬਸ ਵਜੋਂ ਪੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਰੂਹ ਦੋਹੇਂ ਪੰਜਾਬਾਂ ਵਿਚ ਚੱਕਰ ਕੱਟ ਰਹੀ ਹੈ ਇਸ ਨੂੰ ਸ਼ਾਂਤ ਕਰਨ ਲਈ ਜੋ ਵੀ ਜਾ ਸਕਦੇ ਹਨ ਉਹ ਲਹਿੰਦੇ ਪੰਜਾਬ ਵਿਚ ਜਾ ਕੇ ਆਉਣ।
ਵਰਿਆਮ ਸੰਧੂ ਨੇ ਕਿਹਾ ਕਿ ਪਤਨੀ ਨੇ ਸਫ਼ਰਨਾਮੇ ਨੂੰ ਹੱਥ ਨੀ ਲਾਉਣ ਦਿੱਤਾ ਤੇ ਕਿਹਾ ਕਿ ਇਸ ਨੂੰ ਛਪਵਾਉਣ ਦਾ ਪ੍ਰਬੰਧ ਕਰੋ। ਇਸ ਵਿੱਚ ਕੱਟ ਵੱਢ ਨਹੀਂ ਕਰਨੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਕਿਸਤਾਨ ਜਾਣ ਦੀ ਰੀਝ ਸੀ ਕਿਉਂ ਕਿ ਉਨ੍ਹਾਂ ਦੇ ਪਿਤਾ ਬੰਤਾ ਸਿੰਘ ਢਿੱਲੋਂ ਲਾਹੌਰ ਦੇ ਕਿਲਾ ਗੁੱਜਰ ਸਿੰਘ ਥਾਣੇ ਵਿੱਚ ਥਾਣਾ ਮੁਖੀ ਰਹੇ ਸਨ। ਉਹ ਉਸ ਥਾਣੇ ਨੂੰ ਵੇਖਣਾ ਚਾਹੁੰਦੇ ਸਨ। ਦੂਜਾ ਉਹ ਪਾਕਿਸਤਾਨ ਵਿਚਲਾ ਸਹੁਰਾ ਪਿੰਡ ਦੇਖਣਾ ਚਾਹੁੰਦੇ ਸਨ ਜਦਕਿ ਉਹ ਭਾਵੇਂ ਇਸ ਤੋਂ ਪਹਿਲਾਂ ਦੋ ਵਾਰ ਪਾਕਿਸਤਾਨ ਹੋ ਆਇਆ ਸੀ ਪਰ ਪਿੰਡ ਨਹੀਂ ਦੇਖ ਸਕਿਆ ਸੀ ।
ਹਰਜੀਤ ਗਿੱਲ ਨੇ ਦੱਸਿਆ ਕਿ ਸਾਰਾ ਸਫ਼ਰਨਾਮਾ ਬੋਲੀ ਅਤੇ ਸ਼ੈਲੀ ਪੱਖੋ ਨਮੂਨੇ ਦੀ ਲਿਖਤ ਹੈ। ਗੁਰੂ ਧਾਮਾਂ ਬਾਰੇ ਇਤਿਹਾਸਕ ਜਾਣਕਾਰੀ ਤੇ ਪਾਕਿਸਤਾਨ ਬਾਰੇ ਜਾਣਕਾਰੀ ਬਹੁਤ ਖੂਬ ਹੈ ।
ਪਰਮਜੀਤ ਦਿਓਲ ਨੇ ਕਿਹਾ ਕਿ ਇਹ ਪੁਸਤਕ ਬਹੁਤ ਰੌਚਕ ਹੈ। ਇਸ ਮੌਕੇ ਰੁਪਿੰਦਰ ਸੰਧੂ, ਰਛਪਾਲ ਕੌਰ, ਰਾਮਿੰਦਰ ਵਾਲੀਆ, ਸੁਰਿੰਦਰਜੀਤ ਕੌਰ ਲੁਧਿਆਣਾ, ਪਰਮਜੀਤ ਸਿੰਘ ਵਿਰਦੀ, ਹਰਦਿਆਲ ਝੀਤਾ, ਉਂਕਾਰ ਪਾਤਰ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੰਵਲਜੀਤ ਕੌਰ ਢਿੱਲੋਂ ਨੇ ਕੀਤਾ।






