ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਸਬੰਧਾਂ ਵਿੱਚ ਵਧਦੇ ਤਣਾਅ ਦੇ ਵਿਚਕਾਰ ਇਸਲਾਮਾਬਾਦ ਨੇ ਦੇਸ਼ ਭਰ ਦੀਆਂ ਮੈਡੀਕਲ ਸੰਸਥਾਵਾਂ ਨੂੰ ਅਫ਼ਗਾਨ ਵਿਦਿਆਰਥੀਆਂ ਨੂੰ ਕੱਢਣ ਅਤੇ ਦਾਖ਼ਲਾ ਨਾ ਦੇਣ ਦਾ ਹੁਕਮ ਦਿੱਤਾ ਹੈ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਫ਼ੈਸਲੇ ਨਾਲ ਪਾਕਿਸਤਾਨ ਵਿੱਚ ਗ੍ਰੈਜੂਏਸ਼ਨ ਪੱਧਰ ਦੇ ਮੈਡੀਕਲ ਅਤੇ ਡੈਂਟਲ ਕੋਰਸਾਂ ਦੀ ਪੜ੍ਹਾਈ ਕਰ ਰਹੇ ਸੈਂਕੜੇ ਅਫ਼ਗਾਨ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਵਿੱਚ ਕੁਝ ਅਜਿਹੇ ਵਿਦਿਆਰਥੀ ਵੀ ਸ਼ਾਮਲ ਹਨ, ਜੋ ਜਲਦੀ ਹੀ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਹਨ।
ਸਿਹਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਮੈਡੀਕਲ ਅਤੇ ਡੈਂਟਲ ਕੌਂਸਲ ਨੇ ਮੈਡੀਕਲ ਅਤੇ ਡੈਂਟਲ ਸੰਸਥਾਵਾਂ ਨੂੰ ਜਾਰੀ ਨਿਰਦੇਸ਼ ਵਿੱਚ ਮੌਜੂਦਾ ਅਕਾਦਮਿਕ ਸੈਸ਼ਨ ਦੌਰਾਨ ਅਫ਼ਗਾਨ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ‘ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੈਡੀਕਲ ਅਤੇ ਡੈਂਟਲ ਕੋਰਸਾਂ ਵਿੱਚ ਪਹਿਲਾਂ ਹੀ ਦਾਖ਼ਲਾ ਲੈ ਚੁੱਕੇ ਅਫ਼ਗਾਨ ਵਿਦਿਆਰਥੀਆਂ ਨੂੰ ਵੀ ਅਫ਼ਗਾਨਿਸਤਾਨ ਵਾਪਸ ਪਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਇਹ ਫ਼ੈਸਲਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਵਿਗੜਦੇ ਸਬੰਧਾਂ ਨੂੰ ਦੇਖਦਿਆਂ ਲਿਆ ਗਿਆ ਹੈ ਅਤੇ ਇਹ ਸਿਰਫ਼ ਅਫ਼ਗਾਨ ਨਾਗਰਿਕਾਂ ‘ਤੇ ਲਾਗੂ ਹੋਵੇਗਾ। ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।
ਹਾਲਾਂਕਿ, ਵਿਦੇਸ਼ ਦਫ਼ਤਰ ਨੇ ਸੰਕੇਤ ਦਿੱਤਾ ਕਿ ਵੈਧ ਯਾਤਰਾ ਅਤੇ ਨਿਵਾਸ ਸਬੰਧੀ ਦਸਤਾਵੇਜ਼ ਰੱਖਣ ਵਾਲੇ ਅਫ਼ਗਾਨ ਵਿਦਿਆਰਥੀ ਮੌਜੂਦਾ ਨਿਯਮਾਂ ਤਹਿਤ ਆਪਣੇ ਵੀਜ਼ੇ ਦੀ ਮਿਆਦ ਵਧਾਉਣ ਲਈ ਅਰਜ਼ੀ ਦੇਣਾ ਜਾਰੀ ਰੱਖ ਸਕਦੇ ਹਨ।
ਲਾਹੌਰ ਸਥਿਤ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ (KEMU) ਇਸ ਹੁਕਮ ਨੂੰ ਲਾਗੂ ਕਰਨ ਵਾਲੀ ਪਹਿਲੀ ਸਰਕਾਰੀ ਖੇਤਰ ਦੀ ਸੰਸਥਾ ਹੈ।
ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ‘ਪੀ ਟੀ ਆਈ’ ਨੂੰ ਕਿਹਾ, “ਕੇ ਈ ਐੱਮ ਯੂ ਵਿੱਚ ਇਸ ਸਮੇਂ 22 ਅਫ਼ਗਾਨ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ 24 ਘੰਟੇ ਦਾ ਸਮਾਂ ਦਿੱਤਾ ਗਿਆ ਹੈ।”
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਇਸਲਾਮਾਬਾਦ ਅਤੇ ਕਾਬੁਲ ਵਿਚਕਾਰ ਸਬੰਧ ਤਣਾਅਪੂਰਨ ਹਨ। ਪਾਕਿਸਤਾਨ ਦਾ ਦੋਸ਼ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ- ਤਾਲੀਬਾਨ ਪਾਕਿਸਤਾਨ (TTP) ਅਫ਼ਗਾਨਿਸਤਾਨ ਦੀ ਧਰਤੀ ਤੋਂ ਗਤੀਵਿਧੀਆਂ ਚਲਾ ਰਿਹਾ ਹੈ। ਹਾਲਾਂਕਿ ਤਾਲਿਬਾਨ ਪ੍ਰਸ਼ਾਸਨ ਇਸ ਦੋਸ਼ ਤੋਂ ਇਨਕਾਰ ਕਰਦਾ ਹੈ।






