ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੇ ਨੌਕਰੀ ਤੋਂ ਬਰਖ਼ਾਸਤਗੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਿੱਚ ਆਂਗਣਵਾੜੀ ਵਰਕਰ ਵਜੋਂ ਤਾਇਨਾਤ ਰਹੀ ਹਰਗੋਬਿੰਦ ਕੌਰ ਨੂੰ ਨੌਕਰੀ ’ਤੇ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਰਗੋਬਿੰਦ ਕੌਰ ਨੂੰ ਲੋਕ ਸਭਾ ਚੋਣਾਂ ਸਮੇਂ ਚੋਣ ਜ਼ਾਬਤੇ ਦੌਰਾਨ ਸਿਆਸੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ ਅਤੇ ਵੱਧ ਛੁੱਟੀਆਂ ਲੈਣ ਦੇ ਦੋਸ਼ਾਂ ਤਹਿਤ 19 ਜੂਨ 2024 ਨੂੰ ਮੁਅੱਤਲ ਕੀਤਾ ਗਿਆ ਸੀ।
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੇ ਬਿਨਾਂ ਨਿਯਮਤ ਪ੍ਰਕਿਰਿਆ ਅਖ਼ਤਿਆਰ ਕੀਤੇ ਹਰਗੋਬਿੰਦ ਕੌਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਹਰਗੋਬਿੰਦ ਕੌਰ ਨੇ ਮਹਿਕਮੇ ਕੋਲ ਇਸ ਬਰਖ਼ਾਸਤਗੀ ਖ਼ਿਲਾਫ਼ ਅਪੀਲ ਵੀ ਦਾਇਰ ਕੀਤੀ ਸੀ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਸ ਮਗਰੋਂ ਹਰਗੋਬਿੰਦ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਦੇ ਫ਼ੈਸਲੇ ਨਾਲ ਉਸ ਨੂੰ ਰਾਹਤ ਮਿਲੀ ਹੈ। ਚੇਤੇ ਰਹੇ ਕਿ ਹਰਗੋਬਿੰਦ ਕੌਰ ਬਤੌਰ ਪ੍ਰਧਾਨ ਮਹਿਕਮੇ ਵਿੱਚ ਹੋਏ ਕਥਿਤ ਘਪਲਿਆਂ ਬਾਰੇ ਆਵਾਜ਼ ਉਠਾਉਂਦੀ ਰਹੀ ਹੈ।
ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਨੇ 19 ਜੂਨ 2024 ਨੂੰ ਜਾਰੀ ਕੀਤੇ ਬਰਖ਼ਾਸਤਗੀ ਦੇ ਹੁਕਮ ਅਤੇ 19 ਨਵੰਬਰ 2024 ਨੂੰ ਅਪੀਲ ਰੱਦ ਕਰਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪਟੀਸ਼ਨਰ ਹਰਗੋਬਿੰਦ ਕੌਰ ਨੂੰ ਨੌਕਰੀ ’ਤੇ ਬਹਾਲ ਕਰਕੇ ਸਾਰੇ ਬਕਾਇਆ ਲਾਭ 6 ਫ਼ੀਸਦੀ ਵਿਆਜ ਸਮੇਤ ਅੱਠ ਹਫ਼ਤਿਆਂ ਦੇ ਅੰਦਰ ਜਾਰੀ ਕੀਤੇ ਜਾਣ। ਅਦਾਲਤ ਨੇ ਪਾਇਆ ਕਿ ਵਿਭਾਗੀ ਨਿਯਮਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੋਲ ਸਿੱਧੇ ਤੌਰ ’ਤੇ ਨੌਕਰੀ ਤੋਂ ਕੱਢਣ ਦਾ ਅਧਿਕਾਰ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਹੀ ਜਾਂਚ-ਪੜਤਾਲ ਮਗਰੋਂ ਕੇਵਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਬਰਖ਼ਾਸਤਗੀ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਸੀ। ਅਦਾਲਤ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਬਰਖ਼ਾਸਤਗੀ ਤੋਂ ਪਹਿਲਾਂ ਨਿਯਮਾਂ ਅਨੁਸਾਰ ਪੂਰੀ ਵਿਭਾਗੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ। ਪ੍ਰਧਾਨ ਹਰਗੋਬਿੰਦ ਕੌਰ ਨੇ ਅਦਾਲਤੀ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਕਾਨੂੰਨੀ ਮਾਹਿਰ ਸੀਨੀਅਰ ਐਡਵੋਕੇਟ ਆਰ.ਐੱਸ. ਬੈਂਸ ਅਤੇ ਐਡਵੋਕੇਟ ਲਵਨੀਤ ਠਾਕੁਰ ਦਾ ਧੰਨਵਾਦ ਵੀ ਕੀਤਾ ਹੈ।
ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਮਹਿਜ਼ ਇੱਕ ਨੌਕਰੀ ਦੀ ਬਹਾਲੀ ਦਾ ਮਾਮਲਾ ਨਹੀਂ ਹੈ, ਬਲਕਿ ਇਸ ਅਦਾਲਤੀ ਫ਼ੈਸਲੇ ਨਾਲ ਇਹ ਵੀ ਪੁਸ਼ਟੀ ਹੋਈ ਹੈ ਕਿ ਕਿਵੇਂ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਅਧਿਕਾਰਾਂ ਦੀ ਸੀਮਾ ਤੋਂ ਬਾਹਰ ਹੋ ਕੇ ਫ਼ੈਸਲੇ ਲੈਂਦੇ ਹਨ, ਜਦੋਂ ਕਿ ਹਰ ਕਾਰਵਾਈ ਵਿੱਚ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਨੇ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਯੂਨੀਅਨ ਪ੍ਰਧਾਨ ਹਰਗੋਬਿੰਦ ਕੌਰ ਦੀ ਬਹਾਲੀ ਮੌਕੇ ਖ਼ੁਸ਼ੀ ਸਾਂਝੀ ਕੀਤੀ।






