Punjab BJP’s anti-drug yatra: ‘ਆਪ’ ਚੋਂ ਭਾਜਪਾ ’ਚ ਸ਼ਾਮਲ ਹੋਏ ਅੱਧੀ ਦਰਜਨ ਸੰਸਦ ਮੈਂਬਰ ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਚਿਹਰਾ ਬਣਨਗੇ। ਭਾਜਪਾ ਇਨ੍ਹਾਂ ਸੰਸਦ ਮੈਂਬਰਾਂ ਨੂੰ ਯਾਤਰਾ ’ਚ ਅਹਿਮ ਭੂਮਿਕਾ ਦੇਵੇਗੀ ਕਿਉਂਕਿ ਇਹ ਨੇਤਾ ਪਿਛਲੀ ਵਿਧਾਨ ਸਭਾ ਚੋਣ ’ਚ ਵੱਡੀ ਜ਼ਿੰਮੇਵਾਰੀ ਬਤੌਰ ‘ਆਪ’ ਆਗੂ ਨਿਭਾ ਚੁੱਕੇ ਹਨ।
ਅੱਜ ਪਹਿਲੀ ਵਾਰ ਪੰਜਾਬ ਭਾਜਪਾ ਦੀ ਮੀਟਿੰਗ ’ਚ ਛੇ ਸੰਸਦ ਮੈਂਬਰ ਸ਼ਾਮਲ ਹੋਣਗੇ ਜਿਨ੍ਹਾਂ ਨੇ ‘ਆਪ’ ਨੂੰ ਅਲਵਿਦਾ ਆਖ ਭਾਜਪਾ ’ਚ ਸ਼ਮੂਲੀਅਤ ਕੀਤੀ ਸੀ। ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਰਹਿ ਚੁੱਕੇ ਅਤੇ ਪਾਰਲੀਮੈਂਟ ’ਚ ਪਹੁੰਚੇ ਸੰਸਦ ਮੈਂਬਰ ਰਾਘਵ ਚੱਢਾ ਤੇ ਸੰਦੀਪ ਪਾਠਕ ਅੱਜ ਭਾਜਪਾ ਦੀ ਮੀਟਿੰਗ ’ਚ ਸ਼ਾਮਲ ਹੋ ਰਹੇ ਹਨ।
ਭਾਜਪਾਈ ਬਣੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਤੋਂ ਇਲਾਵਾ ਵਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ, ਰਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਭਾਜਪਾ ਦੀ ਮੀਟਿੰਗ ’ਚ ਸ਼ਾਮਲ ਹੋਣਗੇ। ਪਹਿਲੀ ਵਾਰ ਹੈ ਕਿ ਇਹ ਗਰੁੱਪ ਦੇ ਰੂਪ ’ਚ ਪੰਜਾਬ ਭਾਜਪਾ ਦੀ ਮੀਟਿੰਗ ’ਚ ਪੁੱਜ ਰਹੇ ਹਨ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਬਾਰੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਰਾਘਵ ਚੱਢਾ ਦਾ ‘ਆਪ’ ਨੂੰ ਛੱਡਣ ਮਗਰੋਂ ਪੰਜਾਬ ਦਾ ਇਹ ਦੂਜਾ ਦੌਰਾ ਹੈ। ਉਹ ਪਹਿਲਾਂ ਲੁਧਿਆਣਾ ਮੀਟਿੰਗ ’ਚ ਵੀ ਆ ਚੁੱਕੇ ਹਨ। ਹਾਲ ’ਚ ਹੀ ਰਾਘਵ ਚੱਢਾ ਨੇ ਮੁਹਾਲੀ ਤੋਂ ਆਪਣੀ ਵੋਟ ਹਟਾਏ ਜਾਣ ਤੋਂ ਪੰਜਾਬ ਦੀ ‘ਆਪ’ ਸਰਕਾਰ ’ਤੇ ਤਲਖ਼ ਹੋਏ ਸਨ।
ਡਾ.ਸੰਦੀਪ ਪਾਠਕ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪੰਜਾਬ ਪੁੱਜ ਰਹੇ ਹਨ। ਭਾਜਪਾ ਯਾਤਰਾ ’ਚ ਇਨ੍ਹਾਂ ਆਗੂਆਂ ਨੂੰ ਜ਼ਿੰਮੇਵਾਰੀ ਦੇਵੇਗੀ। ਸੰਸਦ ਮੈਂਬਰ ਰਜਿੰਦਰ ਗੁਪਤਾ ਲੁਧਿਆਣਾ ਅਤੇ ਬਰਨਾਲਾ ’ਚ ਯਾਤਰਾ ਲਈ ਅਹਿਮ ਭੂਮਿਕਾ ਨਿਭਾਉਣਗੇ। ਚੇਤੇ ਰਹੇ ਕਿ ਅਪਰੈਲ 2026 ’ਚ ਪੰਜਾਬ ਚੋਂ ਰਾਜ ਸਭਾ ’ਚ ਭੇਜੇ ਗਏ ਸੱਤ ਸੰਸਦ ਮੈਂਬਰਾਂ ’ਚੋਂ ਛੇ ਸੰਸਦ ਮੈਂਬਰਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ ਜਦੋਂ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਹਾਲੇ ਵੀ ‘ਆਪ’ ਦਾ ਹਿੱਸਾ ਹਨ।






