Ethanol blending: ਸਰਕਾਰ ਈਥਾਨੌਲ ਦੀ ਮਿਲਾਵਟ ਵਧਾਉਣ ਦੀ ਇਜਾਜ਼ਤ ਦੇਣ ’ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਲਈ ਫਲੈਕਸੀ-ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ‘ਦਿ ਇੰਡੀਆ ਸ਼ੂਗਰ ਐਂਡ ਬਾਇਓ-ਐਨਰਜੀ ਕਾਨਫਰੰਸ 2026’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਪੂਰ ਨੇ ਕਿਹਾ ਕਿ ਦੇਸ਼ ਵਿੱਚ ਈ 20 ਪ੍ਰੋਗਰਾਮ ਹੁਣ ਤੱਕ ‘ਬਹੁਤ ਸਫਲ’ ਰਿਹਾ ਹੈ। ਕਈ ਵਾਹਨ ਨਿਰਮਾਤਾ ਜਲਦ ਹੀ ਫਲੈਕਸੀ-ਫਿਊਲ ਵਾਹਨ ਬਾਜ਼ਾਰ ਵਿੱਚ ਲਿਆਉਣ ਦੀਆਂ ਯੋਜਨਾਵਾਂ ਦਾ ਐਲਾਨ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦਾ ਧਿਆਨ ਫਲੈਕਸੀ-ਫਿਊਲ ਵਾਹਨਾਂ ਵੱਲ ਹੈ ਅਤੇ ਪੈਟਰੋਲ ਵਿੱਚ 20 ਫ਼ੀਸਦ ਤੋਂ ਵੱਧ ਈਥਾਨੌਲ ਮਿਲਾਉਣ ਦੀ ਸੰਭਾਵਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੈਟਰੋਲ ਪੰਪਾਂ ’ਤੇ ਸ਼ੁੱਧ ਈਥਾਨੌਲ ਦੀ ਉਪਲਬਧਤਾ ਵੀ ਵਧਾਉਣੀ ਪਵੇਗੀ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ ਕਰੀਬ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦਾ ਹਵਾਲਾ ਦਿੰਦਿਆਂ ਕਪੂਰ ਨੇ ਕਿਹਾ ਕਿ ਦੇਸ਼ ਵਿੱਚ ਉਪਲਬਧ ਈਂਧਣ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਈਥਾਨੌਲ ਉਤਪਾਦਨ ਸਮਰੱਥਾ ਹੁਣ ਮਿਲਾਵਟ ਦੀ ਲੋੜ ਤੋਂ ਵੱਧ ਹੋ ਗਈ ਹੈ। ਇਸ ਲਈ ਉਦਯੋਗ ਨੂੰ ਈਥਾਨੌਲ ਦੀ ਵਰਤੋਂ ਦੇ ਹੋਰ ਬਦਲ ਲੱਭਣੇ ਪੈਣਗੇ। ਕਪੂਰ ਨੇ ਡੀਜ਼ਲ ਵਿੱਚ ਬਾਇਓਫਿਊਲ ਆਧਾਰਿਤ ਐਡਿਟਿਵ ਅਤੇ ਈਸੋਬੂਟਾਨੋਲ ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਈਥਾਨੌਲ ਨਿਰਮਾਤਾਵਾਂ ਨੂੰ ਕੰਪਰੈੱਸਡ ਬਾਇਓਗੈਸ (ਸੀ ਬੀ ਜੀ) ਅਤੇ ਪੋਟਾਸ਼ ਵਰਗੇ ਹੋਰ ਮੁੱਲ-ਵਧਾਉਣ ਵਾਲੇ ਉਪ-ਉਤਪਾਦਾਂ ਵੱਲ ਵਿਭਿੰਨਤਾ ਲਿਆਉਣ ਦੀ ਅਪੀਲ ਕੀਤੀ।






