Kiratpur Sahib-Manali Fourlane: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਮਨਾਲੀ ਜਾਣਾ ਸੌਖਾ ਹੋ ਗਿਆ ਹੈ। ਕੀਰਤਪੁਰ-ਮਨਾਲੀ ਫੋਰ ਲੇਨ ਮਾਰਗ ’ਤੇ ਮੰਡੀ ਅਤੇ ਕੁੱਲੂ ਵਿਚਕਾਰ ਪੈਂਦੇ ਪੰਡੋਹ-ਟਕੋਲੀ ਸੈਕਸ਼ਨ ਵਿੱਚ ਬਣੀਆਂ ਦੋ ਨਵੀਆਂ ਸੁਰੰਗਾਂ ਡਿਓਢ (T4-01) ਅਤੇ ਹਣੋਗੀ (T4-02) ਅੱਜ ਤੋਂ ਆਮ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ।
ਇਹ ਜਾਣਕਾਰੀ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੌਮੀ ਰਾਜਮਾਰਗ-03 (NH-03) ਦੀ ਕੁਨੈਕਟੀਵਿਟੀ ਵਿੱਚ ਵੱਡਾ ਸੁਧਾਰ ਆਇਆ ਹੈ। ਇਸ ਦੇ ਸ਼ੁਰੂ ਹੋਣ ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਅਤੇ ਲੈਂਡਸਲਾਈਡ (ਪਹਾੜ ਖਿਸਕਣ) ਦੀ ਗੰਭੀਰ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।
ਮੰਡੀ ਤੋਂ ਕੁੱਲੂ ਦਾ ਸਫ਼ਰ 1 ਘੰਟੇ ਵਿੱਚ ਹੋਵੇਗਾ ਮੁਕੰਮਲ
ਇਨ੍ਹਾਂ ਦੋਵਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਮੰਡੀ ਤੋਂ ਕੁੱਲੂ ਵਿਚਕਾਰ ਯਾਤਰਾ ਦਾ ਸਮਾਂ ਜੋ ਪਹਿਲਾਂ 2 ਘੰਟੇ ਹੁੰਦਾ ਸੀ, ਹੁਣ ਘਟ ਕੇ ਮਹਿਜ਼ 1 ਘੰਟਾ ਰਹਿ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਇਹਨਾਂ ਸੁਰੰਗਾਂ ਨੂੰ ਆਗਾਮੀ ਸਰਦੀਆਂ ਦੇ ਟੂਰਿਸਟ ਸੀਜ਼ਨ ਅਤੇ ਕੁੱਲੂ ਦਸਹਿਰੇ ਤੋਂ ਐਨ ਪਹਿਲਾਂ ਖੋਲ੍ਹ ਦਿੱਤਾ ਹੈ। 2.8 ਕਿਲੋਮੀਟਰ ਲੰਬੀ ਡਿਓਢ ਸੁਰੰਗ ਅਤੇ 650 ਮੀਟਰ ਲੰਬੀ ਹਣੋਗੀ ਸੁਰੰਗ ਆਪਸ ਵਿੱਚ ਖੋਟੀਨਾਲਾ ਕੋਲ ਬਣੇ 140 ਮੀਟਰ ਲੰਬੇ ਅਤੇ 45 ਮੀਟਰ ਉੱਚੇ ਪੁਲ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਸੁਰੰਗਾਂ ਦੇ ਚਾਲੂ ਹੋਣ ਨਾਲ ਪਹਿਲਾਂ ਵਾਲਾ 6 ਕਿਲੋਮੀਟਰ ਦਾ ਪ੍ਰਭਾਵਿਤ ਰਸਤਾ ਹੁਣ ਸਿਰਫ਼ 3.5 ਕਿਲੋਮੀਟਰ ਦਾ ਰਹਿ ਜਾਵੇਗਾ। ਇਸ ਨਾਲ ਜੋਗਨੀ ਮਾਤਾ ਮੰਦਰ, ਡਿਓਢ ਅਤੇ ਹਣੋਗੀ ਦੇ ਨਜ਼ਦੀਕ ਲੱਗਣ ਵਾਲੇ ਘੰਟਿਆਂ ਬੱਧੀ ਲੰਬੇ ਟ੍ਰੈਫਿਕ ਜਾਮਾਂ ਤੋਂ ਯਾਤਰੀਆਂ ਨੂੰ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ।ਸਾਢੇ ਪੰਜ ਕਿਲੋਮੀਟਰ ਲੰਬੇ ਖ਼ਤਰਨਾਕ ਰਸਤੇ ਤੋਂ ਮਿਲੀ ਨਿਜਾਤ
ਇਹਨਾਂ ਨਵੀਆਂ ਸੁਰੰਗਾਂ ਦੀ ਵਰਤੋਂ ਨਾਲ ਵਾਹਨ ਹੁਣ ਲਗਪਗ 5.5 ਕਿਲੋਮੀਟਰ ਲੰਬੇ ਅਜਿਹੇ ਇਲਾਕੇ ਨੂੰ ਬਾਈਪਾਸ ਕਰ ਕੇ ਲੰਘ ਸਕਣਗੇ, ਜਿੱਥੇ ਬਾਰਿਸ਼ ਦੇ ਦਿਨਾਂ ਵਿੱਚ ਅਕਸਰ ਪਹਾੜੀ ਤੋਂ ਪੱਥਰ ਅਤੇ ਮਲਬਾ ਡਿੱਗਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਤੰਗ ਅਤੇ ਘੁਮਾਓਦਾਰ ਰਸਤੇ ਤੋਂ ਛੁਟਕਾਰਾ ਮਿਲਣ ਨਾਲ ਮੁੱਖ ਮਾਰਗ ‘ਤੇ ਵਾਹਨਾਂ ਦਾ ਦਬਾਅ ਵੀ ਘਟੇਗਾ। ਇਹ ਸੁਧਾਰ ਨਾ ਕੇਵਲ ਮਨਾਲੀ ਜਾਣ ਵਾਲਿਆਂ ਲਈ, ਬਲਕਿ ਅਟਲ ਟਨਲ, ਰੋਹਤਾਂਗ ਦਰ੍ਹਾ, ਮਨੀਕਰਨ, ਸ਼ਿੰਕੁਲਾ ਦਰ੍ਹਾ, ਕੇਲੌਂਗ ਅਤੇ ਲੇਹ-ਲਦਾਖ ਵਰਗੇ ਦੂਰ-ਦੁਰਾਡੇ ਦੇ ਸੈਰ-ਸਪਾਟਾ ਖੇਤਰਾਂ ਵੱਲ ਜਾਣ ਵਾਲੇ ਯਾਤਰੀਆਂ ਅਤੇ ਮਾਲਵਾਹਕ ਵਾਹਨਾਂ ਲਈ ਵੀ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਇਨ੍ਹਾਂ ਸੁਰੰਗਾਂ ਦੇ ਅੰਦਰ ਸੀਸੀਟੀਵੀ ਕੈਮਰੇ, ਵੈਂਟੀਲੇਸ਼ਨ ਅਤੇ ਐਮਰਜੈਂਸੀ ਐਗਜ਼ਿਟ ਵਰਗੇ ਆਧੁਨਿਕ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਏ ਗਏ ਹਨ।






